Punjab

ਪੰਜਾਬ ‘ਚ ਅੱਜ ਤੋਂ ਝੋਨੇ ਦੀ ਲੁਆਈ ਸ਼ੁਰੂ

ਪੰਜਾਬ ਵਿਚ ਅੱਜ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਵੇਗਾ ਜੋ ਪਿਛਲੇ ਵਰ੍ਹੇ ਨਾਲੋਂ ਇੱਕ ਹਫ਼ਤਾ ਪਹਿਲਾਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਦਾ ਅਮਲ 15 ਮਈ ਤੋਂ 31 ਮਈ ਤੱਕ ਚੱਲਿਆ ਹੈ। ਐਤਕੀਂ ਸਮੁੱਚੇ ਪੰਜਾਬ ਨੂੰ ਦੋ ਜ਼ੋਨਾਂ ਵਿਚ ਵੰਡ ਕੇ ਝੋਨੇ ਦੀ ਲੁਆਈ ਹੋਣੀ ਹੈ ਅਤੇ ਭਲਕੇ ਮਾਲਵਾ ਖ਼ਿੱਤੇ ਦੇ ਛੇ ਜ਼ਿਲ੍ਹਿਆਂ ਵਿਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਉਝ, ਮਾਨਸਾ ਜ਼ਿਲ੍ਹੇ ਵਿਚ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਲੁਆਈ ਸ਼ੁਰੂ ਹੋਣ ਦੀਆਂ ਖ਼ਬਰਾਂ ਹਨ। ਇੱਥੇ ਪਿਛਲੇ ਸਾਲ 16 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਈ ਸੀ।

ਜਾਣਕਾਰੀ ਮੁਤਾਬਕ ਪੰਜਾਬ ਦੇ 6 ਜਿਲ੍ਹਿਆਂ ‘ਚ ਝੋਨੇ ਦੀ ਲਵਾਈ ਸ਼ੁਰੂ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ 11 ਜੂਨ ਤੋਂ ਝੋਨੇ ਦੀ ਲਵਾਈ ਦੀ ਮਨਜ਼ੂਰੀ ਦੇ ਦਿੱਤੀ ਸੀ। ਖਾਸ ਗੱਲ ਇਹ ਹੈ ਕਿ ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਅੰਦਰ ਝੋਨੇ ਦੀ ਰਵਾਇਤੀ ਬਿਜਾਈ ਦੋ ਪੜਾਵਾਂ ’ਚ ਹੋਵੇਗੀ ਅਤੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

11 ਜੂਨ ਤੋਂ ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ, ਫਿਰੋਜ਼ਪੁਰ, ਮੁਕਤਸਰ ਸਾਹਿਬ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਕੰਡਿਆਲੀ ਤਾਰ ਵਾਲੇ ਇਲਾਕਿਆਂ ਨੂੰ ਨਹਿਰ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਮੋਹਾਲੀ, ਰੋਪੜ, ਲੁਧਿਆਣਾ, ਮਲੇਰਕੋਟਲਾ, ਪਟਿਆਲਾ, ਮੋਗਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਕਪੂਰਥਲਾ, ਨਵਾਂਸ਼ਹਿਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਸਮੇਤ ਬਾਕੀ ਖੇਤਰਾਂ ਨੂੰ ਵੀ ਜੂਨ ਮਹੀਨੇ ਤੋਂ ਸਿੰਚਾਈ ਲਈ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ। 15 ਜੂਨ ਤੋਂ ਟਿਊਬਵੈੱਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਪਾਵਰਕੌਮ ਵੱਲੋਂ ਅੱਜ ਤੋਂ ਇਨ੍ਹਾਂ ਜ਼ਿਲ੍ਹਿਆਂ ਨੂੰ ਖੇਤੀ ਸੈਕਟਰ ਵਾਸਤੇ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਜਦੋਂ ਕਿ ਪਹਿਲਾਂ ਹੀ ਸਮੁੱਚੇ ਪੰਜਾਬ ਨੂੰ ਚਾਰ ਘੰਟੇ ਬਿਜਲੀ ਸਪਲਾਈ ਮਿਲ ਰਹੀ ਸੀ। ਮਾਲਵਾ ਖ਼ਿੱਤੇ ਦੇ ਕਰੀਬ 300 ਬਿਜਲੀ ਗਰਿੱਡਾਂ ਤੋਂ ਖੇਤੀ ਸੈਕਟਰ ਲਈ ਭਲਕੇ ਬਿਜਲੀ ਸਪਲਾਈ ਸ਼ੁਰੂ ਹੋਵੇਗੀ।