Punjab

ਪਟਿਆਲਾ ’ਚ ਸਵਾਰੀਆਂ ਨਾਲ ਭਰੀ ਬੱਸ ਨਾਲ ਵੱਡਾ ਹਾਦਸਾ, ਕਈ ਯਾਤਰੀਆਂ ਦੇ ਪੈਰ ਟੁੱਟੇ

ਬਿਊਰੋ ਰਿਪੋਰਟ (ਪਟਿਆਲਾ, 11 ਸਤੰਬਰ 2025): ਪਟਿਆਲਾ ਵਿੱਚ ਵੀਰਵਾਰ ਸਵੇਰੇ ਪੇਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਬੱਸ ਬੇਕਾਬੂ ਹੋ ਕੇ ਇੱਕ ਰੁੱਖ਼ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਰੁੱਖ਼ ਵੀ ਬੱਸ ਉੱਤੇ ਆ ਡਿੱਗਿਆ। ਜਿਸ ਨਾਲ ਬੱਸ ਅੰਦਰ ਮੌਜੂਦ ਯਾਤਰੀਆਂ ਵਿੱਚ ਹੜਕੰਪ ਮੱਚ ਗਿਆ।

ਇਸ ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। 15 ਤੋਂ 20 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਬੱਸ 52 ਸੀਟਰ ਸੀ ਪਰ ਇਸ ਵਿੱਚ 130 ਤੋਂ ਵੱਧ ਯਾਤਰੀਆਂ ਨੂੰ ਬਿਠਾਇਆ ਗਿਆ ਸੀ। ਕਈਆਂ ਦੇ ਪੈਰ ਟੁੱਟ ਗਏ।

ਬੇਕਾਬੂ ਹੋ ਕੇ ਸੜਕ ਕਿਨਾਰੇ ਪਲ਼ਟੀ ਹੋਈ ਬੱਸ

ਡਰਾਈਵਰ ਦਾ ਆਡੀਓ ਵਾਇਰਲ

ਹਾਦਸੇ ਤੋਂ ਬਾਅਦ ਡਰਾਈਵਰ ਮਨਿੰਦਰ ਸਿੰਘ ਦਾ ਆਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਸ ਨੇ ਦੱਸਿਆ ਕਿ ਇੰਸਪੈਕਟਰ ਵੱਲੋਂ ਦਬਾਅ ਪਾਇਆ ਜਾਂਦਾ ਸੀ ਕਿ ਜ਼ਿਆਦਾ ਯਾਤਰੀਆਂ ਚੜ੍ਹਾਏ ਜਾਣ। ਉਸ ਨੇ ਕਿਹਾ ਕਿ, “130 ਯਾਤਰੀਆਂ ਨੂੰ ਲਿਜਾਣ ਦੀ ਇਜਾਜ਼ਤ ਹੈ? ਮੈਂ ਸਭ ਦੇ ਨਾਮ ਕੋਰਟ ਵਿੱਚ ਲਵਾਂਗਾ।”

ਕੰਡਕਟਰ ਦੀ ਗਵਾਹੀ

ਬੱਸ ਕੰਡਕਟਰ ਗੁਰਿੰਦਰ ਸਿੰਘ ਨੇ ਕਿਹਾ ਕਿ ਬੱਸ ਚੱਲਦੇ ਸਮੇਂ ਖ਼ਰਾਬ ਸੀ ਤੇ ਧੱਕੇ ਨਾਲ ਸਟਾਰਟ ਹੋਈ ਸੀ। ਉਸ ਨੇ ਕਿਹਾ, “ਅਚਾਨਕ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਦਰੱਖ਼ਤ ਨਾਲ ਟਕਰਾ ਗਈ। ਕਮਾਨੀ ਟੁੱਟੀ ਲੱਗਦੀ ਸੀ। 110-120 ਯਾਤਰੀਆਂ ਸਨ। ਚਾਰ ਪੰਜ ਬਹੁਤ ਗੰਭੀਰ ਹਨ, ਡਰਾਈਵਰ ਵੀ ਗੰਭੀਰ ਹਾਲਤ ਵਿੱਚ ਹੈ।”

ਪੁਲਿਸ ਦੀ ਕਾਰਵਾਈ

ਭਾਦਸੋ ਥਾਣੇ ਦੇ SHO ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸਾ ਸਵੇਰੇ 8 ਵਜੇ ਵਾਪਰਿਆ। ਬੱਸ ਪਿੰਡਾਂ ਤੋਂ ਪਟਿਆਲਾ ਵੱਲ ਜਾ ਰਹੀ ਸੀ। ਇਸ ਵਿੱਚ ਲਗਭਗ 6 ਯਾਤਰੀ ਜ਼ਖ਼ਮੀ ਹੋਏ ਹਨ। SHO ਨੇ ਕਿਹਾ ਕਿ ਸਾਰੇ ਯਾਤਰੀਆਂ ਅਤੇ ਜ਼ਖ਼ਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।