India

ਪਿਛਲੇ 5 ਸਾਲਾਂ ਚ 19000 SC, BC, ST ਵਿਦਿਆਰਥੀਆਂ ਨੇ ਅੱਧ ਵਿਚਾਲੇ ਛੱਡੀ ਉਚੇਰੀ ਸਿੱਖਿਆ

SC, ST , OBC, central universities, students dropped education

ਨਵੀਂ ਦਿੱਲੀ : ਪਿਛਲੇ 5 ਸਾਲਾਂ ਚ 19000 ਤੋਂ ਵੱਧ SC, BC, ST ਵਿਦਿਆਰਥੀਆਂ ਨੇ ਅੱਧ ਵਿਚਾਲੇ ਹੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਉੱਚੇਰੀ ਸਿੱਖਿਆ ਦੀ ਪੜ੍ਹਾਈ ਛੱਡ ਦਿੱਤੀ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਕੀਤਾ।

ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਆਂਕੜਾ ਸਾਂਝਾ ਕਰਦਿਆਂ ਸੁਭਾਸ਼ ਸਰਕਾਰ ਨੇ ਦੱਸਿਆ ਕਿ 2018-2022 ਦੀ ਮਿਆਦ ਦੇ ਦੌਰਾਨ ਹੋਰ ਪੱਛੜੀਆਂ ਸ਼੍ਰੇਣੀਆਂ (OBCs), ਅਨੁਸੂਚਿਤ ਜਾਤੀਆਂ (SCs) ਅਤੇ ਅਨੁਸੂਚਿਤ ਕਬੀਲਿਆਂ (STs) ਦੇ 19,256 ਵਿਦਿਆਰਥੀਆਂ ਨੇ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IITs), ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIMs) ਵਿੱਚ ਅੱਧ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ।

ਤਾਮਿਲਨਾਡੂ ਦੀ ਨੁਮਾਇੰਦਗੀ ਕਰ ਰਹੇ ਸੰਸਦ ਮੈਂਬਰ ਤਿਰੁਚੀ ਸਿਵਾ ਨੇ ਸਰਕਾਰ ਨੂੰ ਪਿਛਲੇ ਪੰਜ ਸਾਲਾਂ ਵਿੱਚ ਆਈਆਈਟੀ, ਆਈਆਈਐਮ ਅਤੇ ਹੋਰ ਕੇਂਦਰੀ ਯੂਨੀਵਰਸਿਟੀਆਂ ਤੋਂ ਪਾਸ ਆਊਟ ਹੋਣ ਵਾਲੇ ਐਸਸੀ, ਐਸਟੀ ਅਤੇ ਓਬੀਸੀ ਵਿਦਿਆਰਥੀਆਂ ਦੀ ਗਿਣਤੀ ਬਾਰੇ ਪੁੱਛਿਆ। ਉਨ੍ਹਾਂ ਨੇ ਇਹ ਵੀ ਜਾਣਨਾ ਚਾਹਿਆ ਕਿ “ਕੀ ਸਰਕਾਰ ਨੇ ਇਹਨਾਂ ਉੱਚ ਵਿਦਿਅਕ ਅਦਾਰਿਆਂ ਵਿੱਚ OBC, SC ਅਤੇ ST ਵਿਦਿਆਰਥੀਆਂ ਦੀ ਪੜ੍ਹਾਈ ਛੱਡਣ ਦੀ ਉੱਚ ਦਰ ਦੇ ਕਾਰਨਾਂ ਬਾਰੇ ਕੋਈ ਅਧਿਐਨ ਕੀਤਾ ਹੈ।”

ਸ਼ਿਵਾ ਦੇ ਸਵਾਲ ‘ਤੇ ਸਰਕਾਰ ਨੇ ਕਿਹਾ ਕਿ 2018 ਤੋਂ 2023 ਤੱਕ 6,901 ਓਬੀਸੀ ਵਿਦਿਆਰਥੀਆਂ, 3,596 ਐਸਸੀ ਅਤੇ 3,949 ਐਸਟੀ ਵਿਦਿਆਰਥੀਆਂ ਨੇ ਕੇਂਦਰੀ ਯੂਨੀਵਰਸਿਟੀਆਂ ਤੋਂ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ ਹੈ। ਇਸੇ ਤਰ੍ਹਾਂ 2544 ਓਬੀਸੀ ਵਿਦਿਆਰਥੀਆਂ, 1362 ਐਸਸੀ ਅਤੇ 538 ਐਸਟੀ ਵਿਦਿਆਰਥੀਆਂ ਨੇ ਆਈਆਈਟੀ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਹੈ। ਇਸ ਤੋਂ ਇਲਾਵਾ, ਪਿਛਲੇ ਪੰਜ ਸਾਲਾਂ ਵਿੱਚ 133 ਓਬੀਸੀ, 143 ਐਸਸੀ ਅਤੇ 90 ਐਸਟੀ ਵਿਦਿਆਰਥੀ ਆਈਆਈਐਮ ਵਰਗੀਆਂ ਵੱਕਾਰੀ ਸੰਸਥਾਵਾਂ ਤੋਂ ਅੱਧ ਵਿਚਾਲੇ ਪੜ੍ਹਾਈ ਛੱਡੀ ।

ਹਾਲਾਂਕਿ, ਸਰਕਾਰ ਦੁਆਰਾ ਫੀਸਾਂ ਵਿੱਚ ਕਟੌਤੀ, ਹੋਰ ਸੰਸਥਾਵਾਂ ਦੀ ਸਥਾਪਨਾ, ਸਕਾਲਰਸ਼ਿਪ, ਆਰਥਿਕ ਪਿਛੋਕੜ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਲਈ ਰਾਸ਼ਟਰੀ ਪੱਧਰ ਦੇ ਵਜ਼ੀਫੇ ਨੂੰ ਤਰਜੀਹ ਦੇਣ ਵਰਗੇ ਕਈ ਕਦਮ ਚੁੱਕੇ ਗਏ । SC/ST ਵਿਦਿਆਰਥੀਆਂ ਦੀ ਭਲਾਈ ਲਈ ‘IITs ਵਿੱਚ ਟਿਊਸ਼ਨ ਫੀਸਾਂ ਨੂੰ ਮੁਆਫ ਕਰਨ’ ਸਮੇਤ ਕਈ ਹੋਰ ਉਪਾਅ ਵੀ ਕੀਤੇ ਗਏ ਹਨ।