India International Punjab Religion

ਬ੍ਰਿਟੇਨ ਦੇ ਪੰਜਾਬੀ ਸੰਸਦ ਮੈਂਬਰਾਂ ’ਚੋਂ ਇੱਕ ਨੇ ਗੁਟਕਾ ਸਾਹਿਬ ਨਾਲ ਚੁੱਕੀ ਸਹੁੰ, ਢੇਸੀ ਸਮੇਤ ਕਈ ਭਾਰਤੀ ਮੂਲ ਦੇ ਸਾਂਸਦਾਂ ਨੇ ਹੱਥ ਖੜਾ ਕਰਕੇ ਲਿਆ ਅਹਿਦ

ਲੰਦਨ: ਬ੍ਰਿਟੇਨ ਵਿੱਚ ਚੋਣਾਂ ਖ਼ਤਮ ਹੋ ਗਈਆਂ ਹਨ ਤੇ ਨਵੇਂ ਬਣੇ ਲੀਡਰ ਸਹੁੰ ਚੁੱਕ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕਰ ਰਹੇ ਹਨ। ਨਵੀਂ ਬ੍ਰਿਟਿਸ਼ ਸੰਸਦ ਵਿੱਚ ਇਸ ਵਾਰ ਭਾਰਤੀ ਮੂਲ ਦੇ 29 ਸੰਸਦ ਮੈਂਬਰ ਜਿੱਤੇ ਹਨ, ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਗ੍ਰੰਥਾਂ ਨਾਲ ਸਹੁੰ ਚੁੱਕੀ ਹੈ। ਲੇਬਰ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸੁੰਦਰ ਗੁਟਕਾ ਸਾਹਿਬ ਹੱਥ ’ਚ ਲੈ ਕੇ ਸਹੁੰ ਚੁੱਕੀ ਹੈ ਜਦਕਿ ਸਿੱਖ ਧਰਮ ਨਾਲ ਸਬੰਧਿਤ ਕਈ ਸਾਂਸਦਾਂ ਨੇ ਬਿਨਾ ਗੁਟਕਾ ਸਾਹਿਬ ਤੋਂ ਹਲਫ਼ ਲਿਆ ਹੈ। ਭਾਰਤੀ ਮੂਲ ਦੇ ਕਈ ਸਾਂਸਦਾਂ ਨੇ ਭਗਵਤ ਗੀਤਾ ਤੇ ਕਈਆਂ ਨੇ ਪਵਿੱਤਰ ਬਾਈਬਲ ਨਾਲ ਸਹੁੰ ਚੁੱਕੀ ਹੈ। ਬ੍ਰਿਟੇਨ ਵਿੱਚ ਵੀ ਭਾਰਤੀ ਮੂਲ ਦੇ ਲੀਡਰ ਭਾਰਤ ਦੀ ਧਾਰਮਿਕ ਵਿਭਿੰਨਤਾ ਤੇ ਨਿਰਪੱਖਤਾ ਦੀ ਮਿਸਾਲ ਪੇਸ਼ ਕਰ ਰਹੇ ਹਨ।

ਨਵੀਂ ਬ੍ਰਿਟਿਸ਼ ਸੰਸਦ ਵਿੱਚ ਹੁਣ ਤੱਕ ਸਹੁੰ ਚੁੱਕਣ ਵਾਲੇ ਭਾਰਤੀ ਮੂਲ ਦੇ 29 ਸੰਸਦ ਮੈਂਬਰਾਂ ਵਿੱਚੋਂ, ਸਾਬਕਾ ਗ੍ਰਹਿ ਸਕੱਤਰ ਪ੍ਰੀਤ ਪਟੇਲ ਸਮੇਤ ਪੰਜ ਨੇ ਪਵਿੱਤਰ ਬਾਈਬਲ, ਤਿੰਨ ਨੇ ਭਗਵਦ ਗੀਤਾ ਅਤੇ ਇੱਕ ਨੇ ਸੁੰਦਰ ਗੁਟਕੇ ਦੀ ਚੋਣ ਕਰਕੇ ਅਹਿਦ ਲਿਆ ਹੈ। ਸੱਤ ਸਿੱਖ ਲੇਬਰ ਸੰਸਦ ਮੈਂਬਰਾਂ ਨੇ ਸੁੰਦਰ ਗੁਟਕਾ ਸਾਹਿਬ ਨਾਲ ਸਹੁੰ ਚੁੱਕਣ ਤੋਂ ਇਨਕਾਰ ਕੀਤਾ, ਕਿਉਂਕਿ ਉਨ੍ਹਾਂ ਮੁਤਾਬਕ ਇਹ ਸਿੱਖ ਧਰਮ ਦੇ ਖ਼ਿਲਾਫ਼ ਹੈ। ਇਸੇ ਤਰ੍ਹਾਂ ਦੋ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਸਮੇਤ ਸੱਤ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਸਹੁੰ ਨਾ ਚੁੱਕਣ ਦਾ ਫੈਸਲਾ ਕੀਤਾ।

ਇਸ ਸਬੰਧੀ ਸਿੱਖ ਪ੍ਰੈਸ ਐਸੋਸੀਏਸ਼ਨ ਦੇ ਬੁਲਾਰੇ ਜਸਵੀਰ ਸਿੰਘ ਨੇ ਕਿਹਾ ਕਿ ਧਰਮ ਗ੍ਰੰਥ ਜੀ ਸਹੁੰ ਖਾਣਾ ਸਾਡੇ ਸਿੱਖ ਧਰਮ ਦੇ ਖ਼ਿਲਾਫ਼ ਹੈ। ਇਸ ਦੇ ਨਾਲ ਹੀ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਵਜੋਂ ਨਹੀਂ ਦੇਖਦੇ ਹਾਂ। ਇਹ ਸਾਡਾ ਧਰਮ ਗ੍ਰੰਥ ਗੁਰੂ ਹੈ ਅਤੇ ਗੁਟਕਾ ਸਾਹਿਬ ਸਿੱਖ ਧਰਮ ਗ੍ਰੰਥਾਂ ਦਾ ਇੱਕ ਸੰਖੇਪ ਮਿੰਨੀ ਸੰਗ੍ਰਹਿ ਹੈ।

ਨਵੇਂ ਕੰਜ਼ਰਵੇਟਿਵ ਐਮਪੀ ਨੀਲ ਸ਼ਾਸਥੀ-ਹੰਟ ਅਤੇ ਨਵੇਂ ਲੇਬਰ ਐਮਪੀਜ਼ ਜੀਵਨ ਸੰਧੇਰ, ਸੋਨੀਆ ਕੁਮਾਰ ਅਤੇ ਸੁਰੀਨਾ ਬ੍ਰੇਕਨਰਿਜ ਨੇ ਧਰਮ ਗ੍ਰੰਥ ਨਾਲ ਸਹੁੰ ਚੁੱਕਣ ਦੀ ਬਜਾਏ ਆਪਣੇ ਹੱਥ ਖੜੇ ਕਰਕੇ ਅਹਿਦ ਲਿਆ। ਮੁੜ ਚੁਣੇ ਗਏ ਸੰਸਦ ਮੈਂਬਰ ਕੰਜ਼ਰਵੇਟਿਵ ਗਗਨ ਮਹਿੰਦਰਾ ਅਤੇ ਲੇਬਰ ਦੀ ਸੀਮਾ ਮਲਹੋਤਰਾ ਅਤੇ ਕਲਚਰ ਸੈਕਟਰੀ ਲੀਜ਼ਾ ਨੰਦੀ ਨੇ ਵੀ ਇਵੇਂ ਹੀ ਕੀਤਾ।

ਲੇਬਰ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸੁੰਦਰ ਗੁਟਕੇ ਦੀ ਕਾਪੀ ਹੱਥ ’ਚ ਲੈ ਤੇ ਸਹੁੰ ਚੁੱਕੀ, ਪਰ ਸੱਤ ਹੋਰ ਲੇਬਰ ਸਿੱਖ ਸੰਸਦ ਮੈਂਬਰਾਂ ਨੇ ਇਨਕਾਰ ਕਰ ਦਿੱਤਾ ਅਤੇ ਆਪਣਾ ਸੱਜਾ ਹੱਥ ਉਠਾ ਕੇ ਸਹੁੰ ਚੁੱਕੀ। ਨਵੇਂ ਚੁਣੇ ਗਏ ਇਲਫੋਰਡ ਸਾਊਥ ਲੇਬਰ ਸੰਸਦ ਮੈਂਬਰ ਜਸ ਅਠਵਾਲ ਨੇ ਕਿਹਾ ਕਿ ਮੇਰੇ ਕੋਲ ਇੱਕ ਪਸੰਦੀਦਾ ਗ੍ਰੰਥ ਹੈ ਪਰ ਮੈਂ ਇਸਨੂੰ ਨਹੀਂ ਫੜਾਂਗਾ। ਮੈਂ ਸਿਰਫ਼ ਆਪਣਾ ਹੱਥ ਚੁੱਕਣ ਜਾ ਰਿਹਾ ਹਾਂ। ਸਲੋਹ ਤੋਂ ਚੁਣੇ ਗਏ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਵੀ ਅਜਿਹਾ ਹੀ ਕੀਤਾ।

ਡਰਬੀ ਸਾਊਥ ਲੇਬਰ ਦੇ ਸੰਸਦ ਮੈਂਬਰ ਬੈਗੀ ਸ਼ਰੀਕਰ ਨੇ ਸਭ ਨੂੰ ਹੈਰਾਨ ਕੀਤਾ। ਉਨ੍ਹਾਂ ਨਾ ਤਾਂ ਧਾਰਮਿਕ ਕਿਤਾਬ ਲਈ ਤੇ ਨਾ ਹੀ ਹੱਥ ਉਠਾਏ। ਲੇਬਰ ਸਿੱਖ ਸਾਂਸਦ ਗੁਰਿੰਦਰ ਸਿੰਘ ਜੋਸਨ, ਕਿਰਿਥ ਐਂਟਵਿਸਟਲ, ਹਰਪ੍ਰੀਤ ਉੱਪਲ, ਸਤਵੀਰ ਕੌਰ ਅਤੇ ਵਰਿੰਦਰ ਸਿੰਘ ਜੱਸ ਨੇ ਆਪਣੇ ਸੱਜੇ ਹੱਥ ਖੜੇ ਕਰਕੇ ਪਵਿੱਤਰ ਗ੍ਰੰਥ ਤੋਂ ਬਿਨਾਂ ਸਹੁੰ ਚੁੱਕੀ।

ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਰਿਸ਼ੀ ਸੁਨਕ ਸਮੇਤ ਦੋ ਨਵੇਂ ਸੰਸਦ ਮੈਂਬਰਾਂ ਭਗਵਦ ਗੀਤਾ ਨਾਲ ਸਹੁੰ ਚੁੱਕੀ। ਇਨ੍ਹਾਂ ਵਿੱਚ ਬਿਹਾਰ ਵਿੱਚ ਜਨਮੇ ਲੇਬਰ ਐਮਪੀ ਕਨਿਸ਼ਕ ਨਰਾਇਣ ਅਤੇ ਕੰਜ਼ਰਵੇਟਿਵ ਲੈਸਟਰ ਈਸਟ ਐਮਪੀ ਸ਼ਿਵਾਨੀ ਰਾਜਾ ਸ਼ਾਮਲ ਸਨ।

ਟੋਰੀ ਐਮਪੀ ਬੌਬ ਬਲੈਕਮੈਨ ਨੇ ਇੱਕੋ ਵੇਲੇ ਬਾਈਬਲ ਤੇ ਭਗਵਦ ਗੀਤਾ, ਦੋਵਾਂ ਨਾਲ ਸਹੁੰ ਚੁੱਕੀ। ਉਹ ਹਾਲ ਹੀ ਵਿੱਚ 1922 ਕਮੇਟੀ ਦੇ ਚੇਅਰਮੈਨ ਚੁਣੇ ਗਏ ਹਨ ਅਤੇ ਹੈਰੋ ਈਸਟ ਦੀ ਨੁਮਾਇੰਦਗੀ ਕਰਦੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਰਹਿੰਦੇ ਹਨ। ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।

ਟੋਰੀ ਵਿਥਮ ਦੇ ਸੰਸਦ ਮੈਂਬਰ ਪ੍ਰੀਤ ਪਟੇਲ, ਸ਼ੈਡੋ ਊਰਜਾ ਸਕੱਤਰ ਕਲੇਰ ਕੌਟੀਨਹੋ, ਅਤੇ ਮੁਨੀਰਾ ਵਿਲਸਨ, ਟਵਿਕਨਹੈਮ ਲਿਬਰਲ ਡੈਮੋਕਰੇਟ ਸੰਸਦ ਮੈਂਬਰ ਨੇ ਕਿੰਗ ਜੇਮਸ ਬਾਈਬਲ ਨਾਲ ਸਹੁੰ ਚੁੱਕੀ। ਹਾਊਸ ਆਫ ਕਾਮਨਜ਼ ਵਿੱਚ ਕੇਰਲ ਮੂਲ ਦੇ ਪਹਿਲੇ ਸੰਸਦ ਮੈਂਬਰ ਸੋਜਨ ਜੋਸੇਫ ਨੇ ਨਵੇਂ ਨੇਮ ਨਾਲ ਸਹੁੰ ਚੁੱਕੀ। ਲੇਬਰ ਸੰਸਦ ਮੈਂਬਰ ਵੈਲੇਰੀ ਵਾਜ਼, ਜੋ ਕਿ ਗੋਆਨ ਈਸਾਈ ਮੂਲ ਦੀ ਵੀ ਹੈ, ਨੇ ਯਰੂਸ਼ਲਮ ਬਾਈਬਲ ਦੀ ਸਹੁੰ ਚੁੱਕੀ।