‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਿੱਖ ਜਥੇਬੰਦੀਆਂ ਦੇ ਦਬਾਅ ਹੇਠ ਦੋਸ਼ੀ ਪਰਮਜੀਤ ਸਿੰਘ ਖਿਲਾਫ਼ UAPA ਸਮੇਤ ਕਈ ਹੋਰ ਧਾਰਾਵਾਂ ਜੋੜੀਆਂ ਗਈਆਂ ਹਨ। ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਵੱਲੋਂ ਪੁਲਿਸ ਨੂੰ ਛੇ ਦਿਨ ਦਾ ਰਿਮਾਂਡ ਹੋਰ ਮਿਲਿਆ ਹੈ ਅਤੇ ਕਾਨੂੰਨੀ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਦੋਸ਼ੀ ‘ਤੇ ਲੱਗੀਆਂ ਵਾਧੂ ਧਾਰਾਵਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਮੁਹੱਲਾ ਮਹਾਰਾਜ ਨਗਰ ਦੇ ਰਹਿਣ ਵਾਲੇ ਦੋਸ਼ੀ ਪਰਮਜੀਤ ਸਿੰਘ ਖਿਲਾਫ਼ ਸੈਕਸ਼ਨ UAPA ਅਤੇ 153,153A,436,511 ਆਈਪੀਸੀ ਵਰਗੀਆਂ ਧਾਰਾਵਾਂ ਲਗਾ ਕੇ ਦੋਸ਼ੀ ਦਾ ਛੇ ਦਿਨਾਂ ਰਿਮਾਂਡ ਵਧਾਇਆ ਗਿਆ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੁਲਝਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸਿੰਘ ਸਾਹਿਬਾਨ ਸਾਰੇ ਹੀ ਇਸ ਬੇਅਦਬੀ ਦੀ ਨਿੰਦਾ ਕਰ ਰਹੇ ਹਨ ਅਤੇ ਅਜਿਹੇ ਪੰਥ ਦੋਖੀਆਂ ਨੂੰ ਵੱਧ ਤੋਂ ਵੱਧ ਅਤੇ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ।
13 ਸਤੰਬਰ ਨੂੰ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਮੌਕੇ ਇੱਕ ਸ਼ਰਾਰਤੀ ਵਿਅਕਤੀ ਵੱਲੋਂ ਦਰਬਾਰ ਦੇ ਅੰਦਰ ਸਿਗਰੇਟ ਦਾ ਧੂੰਆਂ ਛੱਡਿਆ ਗਿਆ। ਬੇਅਦਬੀ ਦੀ ਇਹ ਘਟਨਾ ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬਾਨ, ਸੇਵਾਦਾਰਾਂ ਅਤੇ ਕੀਰਤਨੀਏ ਸਿੰਘਾਂ ਦੀ ਹਾਜ਼ਰੀ ਵਿੱਚ ਵਾਪਰੀ ਸੀ।