Punjab

ਸੜਕਾਂ ‘ਤੇ ਉਤਰਿਆ ਵਾਲਮੀਕ ਭਾਈਚਾਰਾ

ਜਲੰਧਰ ਵਿੱਚ ਜਥੇਬੰਦੀਆਂ ਨੇ ਕੀਤਾ ਬੰਦ ਦਾ ਸਮਰਥਨ

ਖਾਲਸ ਬਿਊਰੋ:ਪੰਜਾਬ ਦਾ ਦੁਆਬਾ ਖੇਤਰ ਅੱਜ ਧਰਨਿਆਂ ਦਾ ਕੇਂਦਰ ਬਣ ਗਿਆ ਹੈ।ਇੱਕ ਪਾਸੇ ਫਗਵਾੜਾ ਮਿੱਲ ਅੱਗੇ ਕਿਸਾਨਾਂ ਦੇ ਬਕਾਏ ਨੂੰ ਲੈ ਕੇ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਹੈ,ਉਥੇ ਵਾਲਮੀਕ ਸਮਾਜ ਵੀ ਸੜਕਾਂ ‘ਤੇ ਉਤਰ ਆਇਆ ਹੈ।
ਬੰਦ ਦੀ ਸੱਦੇ ‘ਤੇ ਵਾਲਮੀਕੀ ਭਾਈਚਾਰਾ ਦੋ ਧੜਿਆਂ ‘ਚ ਵੰਡਿਆ ਹੋਇਆ ਲੱਗ ਰਿਹਾ ਹੈ।ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਹਾਲਾਤ ਵੱਖਰੇ ਹਨ। ਵਾਲਮੀਕ ਸਮਾਜ ਦੇ ਆਗੂਆਂ ਨੇ 19 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆ ਸੀ ਪਰ ਜਲੰਧਰ ਵਿੱਚ ਰਵਿਦਾਸ ਅਤੇ ਵਾਲਮੀਕ ਸਮਾਜ ਦੇ ਆਗੂਆਂ ਨੇ ਬੰਦ ਦਾ ਸੱਦਾ ਵਾਪਸ ਨਹੀਂ ਲਿਆ ਹੈ।

ਅੱਜ ਜਲੰਧਰ ਵਿੱਚ ਮੁਕੰਮਲ ਬੰਦ ਰੱਖਿਆ ਜਾ ਰਿਹਾ ਹੈ,ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ ਤੇ ਪ੍ਰਦਰਸ਼ਨਕਾਰੀ ਆਪਣੀ ਪੰਜਾਬ ਦੇ ਸਾਬਕਾ AG ਅਨਮੋਲ ਰਤਨ ਸਿੱਧੂ ਦੇ ਖਿਲਾਫ਼ ਕਾਰਵਾਈ ਦੀ ਮੰਗ ‘ਤੇ ਅੜੇ ਹੋਏ ਹਨ। ਸਿੱਧੂ ‘ਤੇ ਵਾਲਮਿਕ ਭਾਈਚਾਰੇ ਖਿਲਾਫ਼ ਟਿੱਪਣੀ ਦਾ ਇਲਜ਼ਾਮ ਹੈ।


ਜਲੰਧਰ ‘ਚ ਰੋਸ ਪ੍ਰਦਰਸ਼ਨ ਕਰ ਰਹੀਆਂ ਰਵਿਦਾਸੀਆ ਅਤੇ ਵਾਲਮੀਕ ਸਮਾਜ ਜਥੇਬੰਦੀਆਂ ਇਕਜੁੱਟ ਹਨ ਅਤੇ ਪੂਰੀ ਤਰ੍ਹਾਂ ਬੰਦ ‘ਤੇ ਡਟੀਆਂ ਹੋਈਆਂ ਹਨ। ਜਲੰਧਰ ਦੇ ਸਰਕਟ ਹਾਊਸ ਵਿੱਚ ਦੋਵਾਂ ਭਾਈਚਾਰਿਆਂ ਦੇ ਲੋਕਾਂ ਦੀ ਮੀਟਿੰਗ ਵੀ ਹੋਈ ਹੈ, ਜਿਸ ਵਿੱਚ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ।


ਰਵਿਦਾਸੀਆ ਅਤੇ ਵਾਲਮੀਕ ਸਮਾਜ ਦੇ ਬੰਦ ਦੇ ਮੱਦੇਨਜ਼ਰ ਸ਼ਹਿਰ ‘ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਕਿਸੇ ਵੀ ਤਣਾਅ ਨੂੰ ਕਾਬੂ ਕਰਨ ਲਈ ਸ਼ਹਿਰ ਦੇ ਮੁੱਖ ਚੌਂਕ ਤੇ ਜੋਤੀ ਚੌਂਕ, ਜਿਸ ਨੂੰ ਭਗਵਾਨ ਵਾਲਮੀਕ ਚੌਂਕ ਵੀ ਕਿਹਾ ਜਾਂਦਾ ਹੈ, ‘ਤੇ ਵਧੇਰੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।