Punjab

ਧਰਨੇ ’ਤੇ ਬੈਠੀਆਂ ਨਰਸਾਂ ਨੂੰ ‘ਧਮਕਾਉਣ’ ਦਾ ਜਥੇਬੰਦੀਆਂ ਨੇ ਲਿਆ ਨੋਟਿਸ, ਸਖ਼ਤ ਕਾਰਵਾਈ ਦੀ ਮੰਗ

punjab news, pgi sangrur, sangrur, nurse protest , health, jobs

ਚੰਡੀਗੜ੍ਹ : ਸੰਗਰੂਰ ਦੇ ਪੀਜੀਆਈ ਹਸਪਤਾਲ ਘਾਬਦਾਂ ਵਿਖੇ ਨੌਕਰੀ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਨਰਸਾਂ ਨੂੰ ਧਰਨਾ ਚੁੱਕਣ ਅਤੇ ਧਮਕਾਉਣ ਦੇ ਮਾਮਲੇ ਦਾ ਜਮਹੂਰੀ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਹੈ। ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦਾ ਇੱਕ ਵਫ਼ਦ ਨੇ ਐੱਸ ਐੱਚ ਓ ਸਦਰ ਥਾਣਾ ਬਾਲੀਆਂ, ਸੰਗਰੂਰ ਨੂੰ ਮਿਲ ਕੇ ਲੜਕੀਆਂ ਵੱਲੋਂ ਸ਼ਿਕਾਇਤ ਪੇਸ਼ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

ਆਗੂਆਂ ਨੇ ਦੱਸਿਆ ਕਿ ਪੀ ਜੀ ਆਈ ਹਸਪਤਾਲ ਘਾਬਦਾਂ ਵਿਖੇ ਆਪਣੀ ਨੌਕਰੀ ਦੀ ਬਹਾਲੀ ਲਈ  ਪੰਜ ਮਹੀਨਿਆਂ ਤੋਂ ਨਰਸਾਂ ਸੰਘਰਸ਼ ਕਰ ਰਹੀਆਂ ਹਨ। ਬੀਤੇ ਦਿਨੀਂ ਘਾਬਦਾਂ ਪਿੰਡ ਦੇ ਸਰਪੰਚ ਸਮੇਤ ਕੁਝ ਵਿਅਕਤੀਆਂ ਵੱਲੋਂ ਇਨ੍ਹਾਂ ਨਰਸਾਂ ਨੂੰ 25 ਜਨਵਰੀ ਤੱਕ ਧਰਨਾ ਚੁੱਕਣ ਦਾ ਪ੍ਰੈੱਸ ਵਿੱਚ ਅਲਟੀਮੇਟਮ ਦਿੱਤਾ ਅਤੇ ਇੰਨਾ ਹੀ ਨਹੀਂ ਧਰਨਾ ਸਥਾਨ ਉੱਤੇ ਆ ਕੇ ਧਰਨੇ ‘ਤੇ ਬੈਠੀਆਂ ਲੜਕੀਆਂ ਨੂੰ ਅਪਸ਼ਬਦ ਬੋਲਣ, ਡਰਾਉਣ ਅਤੇ ਸਿੱਟੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ।

ਨਰਸਿੰਗ ਸਟਾਫ਼ ਦੀਆਂ ਲੜਕੀਆਂ ਵੱਲੋਂ ਐੱਸ ਐੱਚ ਓ ਨੂੰ ਦੱਸਿਆ ਕਿ ਘਾਬਦਾਂ ਪਿੰਡ ਦੇ ਸਰਪੰਚ ਸਮੇਤ ਕੁਝ ਲੋਕਾਂ ਵੱਲੋਂ ਧਰਨਾ ਚੁੱਕਣ ਲਈ ਧਮਕੀਆਂ ਦੇਣ ਦੀ ਘਟਨਾ ਕਾਰਨ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਅਜਿਹਾ ਕਰਕੇ ਉਹਨਾਂ ਦੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨ ਦੇ ਅਧਿਕਾਰ ਨੂੰ ਕੁਚਲਿਆ ਜਾ ਰਿਹਾ ਹੈ ।

ਐੱਸ ਐੱਚ ਓ ਨੇ ਵਫ਼ਦ ਨੂੰ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਧਰਨੇ ਤੇ ਬੈਠੀਆਂ ਲੜਕੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।

 

ਉਹਨਾਂ ਲਿਖਤੀ ਰੂਪ ਵਿਚ ਸ਼ਿਕਾਇਤ ਪੇਸ਼ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਬਦਨਾਮ ਕਰਨ, ਅਪਸ਼ਬਦ ਬੋਲਣ, ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਵਫ਼ਦ ਵਿੱਚ ਮੌਜੂਦ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਅਧਿਕਾਰੀ ਨੂੰ ਦੱਸਿਆ ਕਿ ਜਥੇਬੰਦੀਆਂ ਸੰਘਰਸ਼ ਕਰਨ ਦੇ ਅਧਿਕਾਰ ਨੂੰ ਕੁਚਲਨ ਦੇ ਕਿਸੇ ਵੀ ਮਨਸੂਬਿਆਂ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਉਹ ਧਰਨੇ ਤੇ ਬੈਠੀਆਂ ਲੜਕੀਆਂ ਦੀ ਪੂਰਨ ਸੁਰੱਖਿਆ ਦੀ ਗਾਰੰਟੀ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਉਹਨਾਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਘਟਨਾ ਖ਼ਿਲਾਫ਼ ਜਥੇਬੰਦਕ ਲਾਮਬੰਦੀ ਕਰਨ ਦੀ ਚਿਤਾਵਨੀ ਵੀ ਦਿੱਤੀ। ਐੱਸ ਐੱਚ ਓ ਨੇ ਵਫ਼ਦ ਨੂੰ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਧਰਨੇ ਤੇ ਬੈਠੀਆਂ ਲੜਕੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।

ਵਫ਼ਦ ਵਿੱਚ ਨਰਸਿੰਗ ਸਟਾਫ਼ ਯੂਨੀਅਨ ਦੀ ਆਗੂ ਨਿੰਦਰਜੀਤ ਕੌਰ ਦੀ ਅਗਵਾਈ ਵਿਚ ਨਰਸਿੰਗ ਸਟਾਫ਼ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਮਹਿਲਾਂ, ਜਸਵੀਰ ਸਿੰਘ ਗਗੜਪੁਰ, ਕਰਮਜੀਤ ਕੌਰ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫ਼ਰੰਟ ਦੇ ਜ਼ਿਲ੍ਹਾ ਮੀਤ ਪ੍ਰਧਾਨ ਚੰਦ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ, ਡੀ ਟੀ ਐਫ਼ ਦੇ ਸੂਬਾ ਜਨਰਲ ਸਕੱਤਰ ਬਲਵੀਰ ਚੰਦ ਲੌਂਗੋਵਾਲ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਸਾਬਕਾ ਸੈਨਿਕ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਚੰਦ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਸਿੰਘ ਨਮੋਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।