ਬਠਿੰਡਾ ਪੁਲਿਸ ਲਾਈਨ ਵਿੱਚ ਤਾਇਨਾਤ ਸਾਬਕਾ ਲੇਡੀ ਕਾਂਸਟੇਬਲ ਅਮਨਦੀਪ ਕੌਰ, ਜਿਸ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਬਰਖਾਸਤ ਕੀਤਾ ਗਿਆ ਸੀ, ਦੀ ਚੱਲ-ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਹੋਏ ਹਨ। ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵਲੋਂ ਇਸ ਸੰਬੰਧੀ ਉਸ ਦੀ ਸੰਬੰਧਿਤ ਜਾਇਦਾਦ ਉਪਰ ਬਕਾਇਦਾ ਨੋਟਿਸ ਲਗਾਏ ਜਾਣਗੇ।
ਇਹ ਕਾਰਵਾਈ ਉਸ ਕੋਲੋਂ ਬੀਤੀ 2 ਅਪ੍ਰੈਲ ਨੂੰ 17.71 ਗ੍ਰਾਮ ਚਿੱਟਾ ਬਰਾਮਦ ਹੋਣ ਸੰਬੰਧੀ ਉਸ ਖਿਲਾਫ਼ ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਵਿਚ ਦਰਜ ਮੁਕੱਦਮੇ ਤਹਿਤ ਕੀਤੀ ਗਈ ਹੈ। ਥਾਣਾ ਕੈਨਾਲ ਕਲੋਨੀ ਦੇ ਮੁੱਖ ਅਧਿਕਾਰੀ ਹਰਜੀਵਨ ਸਿੰਘ ਨੇ ਦੱਸਿਆ ਕਿ ਉਕਤ ਦਰਜ ਮੁਕੱਦਮੇ ਤਹਿਤ ਕਥਿਤ ਦੋਸ਼ਣ ਦੀ ਜਾਇਦਾਦ ਅਟੈਚ ਕਰਨ ਲਈ ਦਿਲੀ ਵਿਖੇ ਸੰਬੰਧਿਤ ਉੱਚ ਅਥਾਰਟੀ ਨੂੰ ਪੱਤਰ ਭੇਜਿਆ ਗਿਆ ਸੀ, ਜਿਸ ਤਹਿਤ ਸੰਬੰਧਿਤ ਅਥਾਰਟੀ ਵਲੋਂ ਅਮਨਦੀਪ ਕੌਰ ਦੀ 1 ਕਰੋੜ 35 ਲੱਖ ਦੀ ਜਾਇਦਾਦ ਜਬਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਤੇ ਛੇਤੀ ਸੰਬੰਧਿਤ ਜਾਇਦਾਦ ਉਪਰ ਨੋਟਿਸ ਲਗਾਏ ਜਾਣਗੇ।
ਵਿਜੀਲੈਂਸ ਬਿਊਰੇ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਨੰਬਰ 94/2025 ਦੀ ਜਾਂਚ ਤੋਂ ਬਾਅਦ ਮੁਲਜ਼ਮ ਅਮਨਦੀਪ ਕੌਰ ਖ਼ਿਲਾਫ਼ ਬਠਿੰਡਾ ਰੇਂਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਵਿਖੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਜਾਂਚ ਦੌਰਾਨ ਉਕਤ ਮੁਲਜ਼ਮ ਦੀ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮਿਆਦ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1,08,37,550 ਰੁਪਏ ਦੇ ਮੁਕਾਬਲੇ ਉਸਦਾ ਖਰਚ 1,39,64,802.97 ਰੁਪਏ ਪਾਇਆ ਗਿਆ, ਜੋ ਕਿ ਉਸਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31,27,252.97 ਰੁਪਏ ਅਤੇ ਉਸਦੀ ਜਾਇਜ਼ ਕਮਾਈ ਤੋਂ 28.85 ਫੀਸਦ ਵੱਧ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਇਸ ਜਾਂਚ ‘ਚ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਮੁਕੱਦਮਾ ਨੰਬਰ 15 ਮਿਤੀ 26/05/2025 ਦਰਜ ਕੀਤਾ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ। ਅਮਨਦੀਪ ਨੂੰ ਅੱਜ ਸਵੇਰੇ ਵਿਜੀਲੈਂਸ ਬਿਊਰੋ ਨੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ।