‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਕਿਹਾ ਕਿ ‘ਇਹ ਲੋਕਤੰਤਰ ਹੈ ਅਤੇ ਹਰ ਕਿਸੇ ਨੂੰ ਅਧਿਕਾਰ ਹੈ ਕਿ ਹਰ ਪਾਰਟੀ ਸ਼ਾਂਤੀਪੂਰ ਤਰੀਕੇ ਨਾਲ ਆਪਣੀ-ਆਪਣੀ ਗਤੀਵਿਧੀ ਕਰੇ। ਪਰ ਜਿਸ ਤਰ੍ਹਾਂ ਕਾਂਗਰਸ ਵੱਲੋਂ ਇਨ੍ਹਾਂ ਦੀ ਰੈਲੀ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਠੀਕ ਗੱਲ ਨਹੀਂ ਹੈ। ਅਜਿਹੀ ਕੋਈ ਗੱਲ ਨਹੀਂ ਹੈ ਕਿ ਕੇਜਰੀਵਾਲ ਜੇ ਪੰਜਾਬ ਵਿੱਚ ਆ ਗਏ ਹਨ ਤਾਂ ਕੋਈ ਪਹਾੜ ਟੁੱਟ ਜਾਵੇਗਾ। ਸਾਡੀ ਪਾਰਟੀ ਵੀ ਉਨ੍ਹਾਂ ਦਾ ਵਿਰੋਧ ਕਰ ਰਹੀ ਹੈ ਪਰ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਕਰ ਰਹੇ ਹਾਂ’।

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ

ਉਨ੍ਹਾਂ ਕਿਹਾ ਕਿ ‘ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਪਾਰਟੀ ਵਿੱਚ ਚਲੇ ਜਾਣ, ਉਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਆਪਣੇ ਬਿਆਨਾਂ ਅਤੇ ਗਤੀਵਿਧੀਆਂ ਕਰਕੇ ਬਦਨਾਮ ਹੋ ਗਏ ਹਨ। ਕੋਰਟ ਨੇ ਉਨ੍ਹਾਂ ਦੇ ਬਾਰੇ ਇਸ ਤਰ੍ਹਾਂ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਦੀ ਰਿਪੋਰਟ ਨੂੰ ਵੀ ਨਕਾਰ ਦਿੱਤਾ ਹੈ ਜੋ ਕਿ ਉਨ੍ਹਾਂ ਦੀ ਨਾਕਾਮਯਾਬੀ ਹੈ। ਸਾਡੇ ਲਈ ਕੋਈ ਵੀ ਪਾਰਟੀ ਚੁਣੌਤੀ ਨਹੀਂ ਹੈ, ਅਸੀਂ ਪੂਰੇ ਜ਼ੋਰ ਨਾਲ ਲੜਦੇ ਹਾਂ’।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ‘ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ 36 ਪਾਰਟੀ ਜੁਆਇਨ ਕਰਦੇ ਹਨ ਅਤੇ 36 ਜਾਂਦੇ ਹਨ। ਅਜਿਹੇ ਲੋਕ ਜਿਨ੍ਹਾਂ ਨੇ ਆਪਣੀ ਆਈਪੀਐੱਸ ਦੇ ਤੌਰ ‘ਤੇ ਜ਼ਿੰਮੇਵਾਰੀ ਨਹੀਂ ਨਿਭਾਈ, ਜਿਨ੍ਹਾਂ ਨੇ ਪੰਜਾਬ ਨਾਲ, ਸਿੱਖ ਕੌਮ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਇੱਕ ਬੜੀ ਵੱਡੀ ਜਾਂਚ ਕਰਨ ਲਈ ਦਿੱਤੀ ਗਈ ਸੀ ਪਰ ਜਾਂਚ ਕਰਨ ਦੀ ਬਜਾਏ ਉਨ੍ਹਾਂ ਨੇ ਸਿਰਫ ਸਿਆਸਤ ਕੀਤੀ। ਜੋ ਬੰਦਾ ਆਈਪੀਐੱਸ ਦੇ ਤੌਰ ‘ਤੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਿਆ, ਉਸ ਤੋਂ ਤੁਸੀਂ ਸਿਆਸਤ ਵਿੱਚ ਕੀ ਉਮੀਦ ਰੱਖਦੇ ਹੋ। ਇਹ ਤਾਂ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਦਾ ਗੁਨਾਹਗਾਰ ਹੈ, ਇਸਨੂੰ ਤਾਂ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ’।

ਸ਼੍ਰੋਮਣੀ ਅਕਾਲੀ ਦਲ ਲੀਡਰ ਵਿਰਸਾ ਸਿੰਘ ਵਲਟੋਹਾ

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ‘ਪੰਜਾਬ ਵਿੱਚ ਬਿਲਕੁਲ ਕੋਈ ਵੀ ਆ-ਜਾ ਸਕਦਾ ਹੈ। ਪਰ ਪੰਜਾਬ ਵਿੱਚ ਸਿਰਫ ਰਾਜਨੀਤਿਕ ਮਨਸ਼ਾ ਅਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਆਉਣ ਵਾਲੇ ਦਾ ਵਿਰੋਧ ਕੀਤਾ ਜਾਵੇਗਾ। ਪਰ ਇਨ੍ਹਾਂ ਵੱਲੋਂ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੀ ਇਹ ਪੰਜਾਬ ਵਿੱਚ ਦਿੱਲੀ ਮਾਡਲ ਲਿਆਉਣਾ ਚਾਹੁੰਦੇ ਹਨ, ਜਿੱਥੇ ਦੰਗੇ ਹੋਏ ਸਨ। ਪੰਜਾਬ ਵਿੱਚ ਆ ਕੇ ਇਨ੍ਹਾਂ ਨੂੰ ਇਹ ਸਾਰਾ ਕੁੱਝ ਯਾਦ ਆ ਜਾਂਦਾ ਹੈ। ਦਿੱਲੀ ਵਾਲੀਆਂ ਚੀਜ਼ਾਂ ਦਾ ਪੰਜਾਬ ਵਿੱਚ ਜ਼ਿਕਰ ਕਿਉਂ ਕੀਤਾ ਜਾਂਦਾ ਹੈ, ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਬਰਿੰਦਰ ਸਿੰਘ ਢਿੱਲੋਂ

ਕੁੰਵਰ ਵਿਜੇ ਪ੍ਰਤਾਪ ਨੇ ਸਾਨੂੰ ਸਿਆਸੀ ਸੰਕਟ ਵਿੱਚ ਖੜ੍ਹਾ ਕਰ ਦਿੱਤਾ ਹੈ। ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ‘ਤੇ ਸਵਾਲੀਆ ਚਿੰਨ੍ਹ ਪੈਦਾ ਕੀਤਾ ਹੈ। ਕੁੰਵਰ ਵਿਜੇ ਪ੍ਰਤਾਪ ਜਦੋਂ ਤੱਕ ਅਫਸਰਸ਼ਾਹੀ ਵਿੱਚ ਸਨ, ਉਦੋਂ ਇਹ ਇਮਾਨਦਾਰ ਸਨ, ਸੰਵਿਧਾਨ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੇ ਸਨ ਪਰ ਹੁਣ ਇਹ ਰਾਜਨੀਤੀ ਵਿੱਚ ਆ ਗਏ ਹਨ’।

Leave a Reply

Your email address will not be published. Required fields are marked *