‘ਦ ਖਾਲਸ ਬਿਊਰੋ:ਆਪ ਸਰਕਾਰ ਵੱਲੋਂ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਗ਼ਰੀਬ ਵਰਗ ਦੇ ਲਈ 300 ਯੂਨਿਟ ਬਿਜਲੀ ਤੇ ਜਨਰਲ ਵਰਗ ਲਈ 600 ਯੂਨਿਟ ਬਿਜਲੀ ਮੁਫ਼ਤ ਕਰਨ ਦ ਐਲਾਨ ਕੀਤਾ ਗਿਆ ਹੈ,ਜਿਸ ਦਾ ਕਈ ਪਾਸੇ ਜਿਥੇ ਸਵਾਗਤ ਹੋ ਰਿਹਾ ਹੈ ,ਉਥੇ ਇਸ ਦਾ ਵਿਰੋਧ ਵੀ ਹੋ ਰਿਹਾ ਹੈ । ਜਰਨਲ ਵਰਗ ਦੇ 600 ਬਾਅਦ ਪਾਰ ਹੋਣ ਤੇ ਪੂਰਾ ਬਿਲ ਦਾ ਭੁਗਤਾਨ ਕਰਨ ਦੇ ਫ਼ੈਸਲੇ ਦਾ ਜਰਨਲ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਪੰਜਾਬ ਵਿੱਚ ਮਾਲਵਾ ਇਲਾਕੇ ਦੇ ਸ਼ਹਿਰ ਸਰਦੂਲਗੜ੍ਹ ਦੇ ਵਿਚ ਵੀ ਜਨਰਲ ਵਰਗ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਤੇ ਨਾਅਰੇ ਬਾਜ਼ੀ ਕੀਤੀ।
ਇਸ ਮੌਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਸ ਤਰਾਂ ਸਹੂਲਤਾਂ ਵਿੱਚ ਜਾਤਾਂ ਦੇ ਆਧਾਰ ਤੇ ਵੱਖਰੇਵਾਂ ਕਰ ਕੇ ਸਰਕਾਰ ਜਾਤੀਵਾਦ ਨੂੰ ਵੱਧਾ ਰਹੀ ਹੈ ਜਦੋਂਕਿ ਜਨਰਲ ਵਰਗ ਵਿੱਚ ਵੀ ਬਹੁਤ ਸਾਰੇ ਲੋਕ ਗ਼ਰੀਬ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਆਪਣੇ ਇਸ ਫੈਸਲੇ ਤੇ ਗੌਰ ਕਰੇ ਅਤੇ ਜਨਰਲ ਵਰਗ ਨੂੰ ਵੀ ਇਸ ਮੁਆਫੀ ਵਾਲੇ ਫੈਸਲੇ ਦੀ ਰਿਆਇਤ ਦੇਵੇ,ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਜਨਰਲ ਵਰਗ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।
ਸਰਕਾਰ ਦੇ ਇਹਨਾਂ ਫ਼ੈਸਲਿਆਂ ਦਾ ਆਮ ਜਨਤਾ ਤੇ ਅਸਰ ਪੈਣਾ ਲਾਜ਼ਮੀ ਹੈ।ਆਪ ਸਰਕਾਰ ਨੇ ਮੁਫ਼ਤ ਬਿਜ਼ਲੀ ਦੇਣ ਦੇ ਆਪਣੇ ਵਾਅਦੇ ਨੂੰ ਤਾਂ ਨਿਭਾ ਦਿੱਤਾ ਹੈ ਪਰ ਇਸ ਸਹੂਲਤ ਹੁਣ ਵਿਵਾਦ ਦਾ ਵਿਸ਼ਾ ਬਣਦੀ ਜਾ ਰਹੀ ਹੈ । ਹੁਣ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਸਰਕਾਰ ਇਸ ਸਥਿਤੀ ਨਾਲ ਕਿਵੇਂ ਨਿਬੜਦੀ ਹੈ।