The Khalas Tv Blog Punjab ਨਿਆਮੀਵਾਲਾ ਨੇ ਲਾਹਨਤਾਂ ਪਾ ਕੇ ਮੋੜੀਆਂ ਬੱਸਾਂ, ਡੇਰਾ ਮੁਖੀ ਦੇ ਸਤਿਸੰਗ ‘ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਲੋਕ…
Punjab

ਨਿਆਮੀਵਾਲਾ ਨੇ ਲਾਹਨਤਾਂ ਪਾ ਕੇ ਮੋੜੀਆਂ ਬੱਸਾਂ, ਡੇਰਾ ਮੁਖੀ ਦੇ ਸਤਿਸੰਗ ‘ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਲੋਕ…

ਨਿਆਮੀਵਾਲਾ ਨੇ ਲਾਹਨਤਾਂ ਪਾ ਕੇ ਮੋੜੀਆਂ ਬੱਸਾਂ, ਡੇਰਾ ਮੁਖੀ ਦੇ ਸਤਿਸੰਗ 'ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਲੋਕ...

ਬਠਿੰਡਾ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਅੱਜ ਬਠਿੰਡਾ ਦੇ ਸਲਾਬਤਪੁਰਾ ਵਿਚ ਸਥਿਤ ਡੇਰੇ ਵਿਚ ਵਰਚੂਅਲ ਸਤਿਸੰਗ ਕੀਤਾ ਜਾ ਰਿਹਾ ਹੈ ਪਰ ਰਾਮ ਰਹੀਮ ਦੇ ਸਤਿਸੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖਾਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਰਾਮ ਰਹੀਮ ਦੇ ਸਮਾਗਮ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਵਲੋਂ ਪਿੰਡ ਸਲਾਬਤਪੁਰਾ ਡੇਰੇ ਨੂੰ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਫ਼ਰੀਦਕੋਟ ਵਿਖੇ ਬੇਅਦਬੀ ਇਨਸਾਫ਼ ਮੋਰਚਾ ਵਲੋਂ ਰਾਮ ਰਹੀਮ ਦੇ ਸਗਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੀਆਂ ਬੱਸਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ। ਬੇਅਦਬੀ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਤਿਸੰਗ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਲੋਕਾਂ ਨੂੰ ਖ਼ੂਬ ਲਾਹਨਤਾਂ ਵੀ ਪਾਈਆਂ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਸਿੱਖ ਜਥੇਬੰਦੀਆਂ ਨੇ ਬਾਜਾਖਾਨਾ-ਬਰਨਾਲਾ ਸੜਕ ’ਤੇ ਪੈਂਦੇ ਪਿੰਡ ਜਲਾਲ ਦੇ ਬੱਸ ਅੱਡੇ ’ਤੇ ਜਾਮ ਲਗਾਇਆ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਮੁਖੀ ਦਾ ਨਾਮ ਵੀ ਆ ਚੁੱਕਾ ਹੈ, ਪਰ ਕੇਂਦਰ ਤੇ ਪੰਜਾਬ ਸਰਕਾਰ ਉਸ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਪੁਲੀਸ ਦੇ ਪਹਿਰੇ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾ ਰਹੀ ਹੈ।

ਉਨ੍ਹਾਂ ਨੇ ਡੇਰਾ ਸਿਰਸਾ ਮੁਖੀ ਨੂੰ ਮੁੜ-ਮੁੜ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਉਸ ਦੀ ਪੈਰੋਲ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਇਕ ਪਾਸੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਪਿਛਲੇ ਲੰਮੇ ਸਮੇਂ ਤੋ ਸੰਘਰਸ਼ ਕਰ ਰਹੀ ਹੈ ਤੇ ਦੂਜੇ ਪਾਸੇ ਸੰਗੀਨ ਕੇਸਾਂ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ, ਜਿਸ ਨੂੰ ਸਿੱਖ ਸੰਗਤਾਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੀਆਂ।

 

ਇਸ ਜਾਮ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਡੀਐਸਪੀ ਸਣੇ 300 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

Exit mobile version