ਲੋਕ ਸਭਾ ਚੋਣਾਂ 2024 (Lok Sabha Elections 2024) ਲਈ ਬੀਜੇਪੀ ਦਾ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਾ ਬਾਹਲ਼ਾ ਔਖਾ ਹੋਇਆ ਜਾਪ ਰਿਹਾ ਹੈ। ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸਥਾਨਕ ਆਗੂ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਬੇਸ਼ੱਕ ਬਾਕੀ ਪਾਰਟੀਆਂ ਤੋਂ ਇਸ ਮਾਮਲੇ ਵਿੱਚ ਅੱਗੇ ਨਿਕਲਣ ਦੀ ਪਹਿਲਕਦਮੀ ਕੀਤੀ ਪਰ ਚੋਣ ਪ੍ਰਚਾਰ ਵਿੱਚ ਭਾਜਪਾ ਉਮੀਦਵਾਰ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਜਪਾ ਆਗੂ ਦਿਨੇਸ਼ ਬੱਬੂ ਅੱਜ ਜਦੋਂ ਕਾਹਨੂੰਵਾਨ ਦੇ ਨਜ਼ਦੀਕ ਸਠਿਆਲੀ ਵਿਖੇ ਇੱਕ ਚੋਣ ਮੀਟਿੰਗ ਕਰਨ ਪੁੱਜੇ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ( ਪੰਧੇਰ ਗਰੁੱਪ) ਨਾਲ ਸਬੰਧਤ ਕਿਸਾਨਾਂ ਦੇ ਇੱਕ ਜਥੇ ਨੇ ਉਨ੍ਹਾਂ ਦਾ ਜੋਰਦਾਰ ਵਿਰੇਧ ਕੀਤਾ। ਕਿਸਾਨ ਆਗੂਆਂ ਹਰਵਿੰਦਰ ਸਿੰਘ ਮਸਾਨੀਆ, ਰਾਜੂ ਔਲਖ ਆਦਿ ਦੀ ਅਗਵਾਈ ਹੇਠ ਸੜਕ ਤੇ ਹੀ ਦਿਨੇਸ਼ ਬੱਬੂ ਨੂੰ ਘੇਰ ਲਿਆ। ਉਨ੍ਹਾਂ ਵੱਲੋਂ ਬੱਬੂ ਨੂੰ ਐੱਸਐੱਸਪੀ ਅਤੇ ਹੋਰ ਕਿਸਾਨ ਮੰਗਾਂ ਨਾਲ ਸਬੰਧਤ ਕਈ ਸਵਾਲ ਪੁੱਛੇ।
ਕਿਸਾਨਾਂ ਦੇ ਸੰਭਾਵੀ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਲਏ ਗਏ ਸਨ। ਮੌਕੇ ’ਤੇ ਐੱਸਪੀਡੀ ਬਲਵਿੰਦਰ ਸਿੰਘ, ਡੀਐੱਸਪੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਪੁਲਿਸ ਅਧਿਕਾਰੀਆਂ ਦੀ ਦਖਲਅੰਦਾਜ਼ੀ ਨਾਲ ਹਾਲਾਤ ਨੂੰ ਵਿਗੜਨ ਤੋਂ ਰੋਕਿਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਜੂ ਔਲਖ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਇਸ ਲਈ ਉਹ ਇਨ੍ਹਾਂ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਭਾਜਪਾ ਉਮੀਦਵਾਰਾਂ ਕੋਲ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ। ਦੂਜੇ ਪਾਸੇ ਮੌਕੇ ਤੇ ਮੌਜੂਦ ਡੀਐੱਸਪੀ ਸੁੱਖਪਾਲ ਸਿੰਘ ਨੇ ਦੱਸਿਆ ਕਿ ਬੇਸ਼ੱਕ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਨੂੰ ਮਾੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਜੇਕਰ ਇਹ ਉਮੀਦਵਾਰ ਜਿੱਤ ਜਾਂਦੇ ਹਨ ਤਾਂ ਕੱਲ ਨੂੰ ਇਨ੍ਹਾਂ ਨੇ ਹੀ ਕਿਸਾਨਾਂ ਦੇ ਮਸਲੇ ਹੱਲ ਕਰਨੇ ਹਨ।