India

ਜਗਦੀਪ ਧਨਖੜ ਨੂੰ ਚੇਅਰਮੈਨ ਦੀ ਕੁਰਸੀ ਤੋਂ ਹਟਾਉਣ ਦੀ ਤਿਆਰੀ! ਵਿਰੋਧੀ ਧਿਰ ਲਿਆਉਣਗੇ ਪ੍ਰਸਤਾਵ, 87 ਸਾਂਸਦਾਂ ਨੇ ਕੀਤੇ ਹਸਤਾਖ਼ਰ

ਬਿਉਰੋ ਰਿਪੋਰਟ: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਚੇਅਰਮੈਨ ਦੀ ਕੁਰਸੀ ਖ਼ਤਰੇ ਵਿੱਚ ਨਜ਼ਰ ਆ ਰਹੀ ਹੈ। ਅੱਜ 10 ਅਗਸਤ ਨੂੰ ਰਾਜ ਸਭਾ ਦੇ ਚੇਅਰਮੈਨ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਹੋਈ ਤਕਰਾਰ ਟਕਰਾਅ ਵਿੱਚ ਬਦਲ ਗਈ। ਸਥਿਤੀ ਇਸ ਹੱਦ ਤੱਕ ਪਹੁੰਚ ਗਈ ਕਿ ਵਿਰੋਧੀ ਪਾਰਟੀਆਂ ਨੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਲਈ ਹੈ। ਜੇ ਇਹ ਪ੍ਰਸਤਾਵ ਰਸਮੀ ਤੌਰ ’ਤੇ ਆਉਂਦਾ ਹੈ ਤਾਂ ਸੰਸਦੀ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ ਕਿ ਵਿਰੋਧੀ ਧਿਰ ਉਪ ਰਾਸ਼ਟਰਪਤੀ ਨੂੰ ਹਟਾਉਣ ਦੀ ਪਹਿਲ ਕਰੇਗੀ।

ਸੂਤਰਾਂ ਮੁਤਾਬਕ ਬੀਤੇ ਦਿਨ ਰਾਜ ਸਭਾ ’ਚ ਸਪਾ ਸੰਸਦ ਮੈਂਬਰ ਜਯਾ ਅਮਿਤਾਭ ਬੱਚਨ ਅਤੇ ਜਗਦੀਪ ਧਨਖੜ ਵਿਚਾਲੇ ਹੋਈ ਬਹਿਸ ਤੋਂ ਬਾਅਦ ਮਾਹੌਲ ਖ਼ਰਾਬ ਹੋ ਗਿਆ। ਉਪ ਰਾਸ਼ਟਰਪਤੀ ਨੂੰ ਹਟਾਉਣ ਦੇ ਪ੍ਰਸਤਾਵ ’ਤੇ ਰਾਜ ਸਭਾ ਦੇ 87 ਮੈਂਬਰਾਂ ਨੇ ਹਸਤਾਖ਼ਰ ਕਰ ਦਿੱਤੇ ਹਨ।

ਕਾਂਗਰਸ ਦੇ ਰਾਜ ਸਭਾ ਮੈਂਬਰ ਮੁਤਾਬਕ, ‘ਪ੍ਰਸਤਾਵ ’ਤੇ 4-5 ਕਾਂਗਰਸੀ ਮੈਂਬਰਾਂ ਨੇ ਦਸਤਖ਼ਤ ਨਹੀਂ ਕੀਤੇ ਹਨ। INDIA ਬਲਾਕ ਦੇ ਰਾਜ ਸਭਾ ਵਿੱਚ 87 ਮੈਂਬਰ ਹਨ। ਸੰਭਵ ਹੈ ਕਿ ਬਾਹਰਲੇ ਮੈਂਬਰਾਂ ਨੇ ਵੀ ਦਸਤਖ਼ਤ ਕੀਤੇ ਹੋਣਗੇ।

ਵਿਰੋਧੀ ਧਿਰ ਨੇ ਜੇਪੀ ਨੱਡਾ ਨੂੰ 2 ਦਿਨ ਪਹਿਲਾਂ ਹੀ ਦਿੱਤਾ ਸੀ ਇਸ਼ਾਰਾ

ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਸਦਨ ਦੇ ਆਗੂ ਜੇਪੀ ਨੱਡਾ ਨੂੰ ਵੀ ਗੈਰ ਰਸਮੀ ਤੌਰ ’ਤੇ ਦੱਸਿਆ ਗਿਆ ਸੀ ਕਿ ਵਿਰੋਧੀ ਧਿਰ ਧਨਖੜ ਨੂੰ ਹਟਾਉਣ ਦਾ ਪ੍ਰਸਤਾਵ ਲਿਆਉਣ ’ਤੇ ਵਿਚਾਰ ਕਰ ਰਿਹਾ ਹੈ। ਦਰਅਸਲ, ਧਨਖੜ ਅਤੇ ਵਿਰੋਧੀ ਧਿਰ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਵੀਰਵਾਰ ਨੂੰ ਅਜਿਹੇ ਤਣਾਅ ਦੇ ਵਿਚਕਾਰ ਧਨਖੜ ਕੁਰਸੀ ਤੋਂ ਉੱਠ ਗਏ ਸਨ।

ਇੰਡੀਆ ਬਲਾਕ ਅਨੁਸਾਰ ਨੋਟਿਸ ਰਾਹੀਂ ਉਹ ਚੇਅਰਮੈਨ ਦੇ ‘ਪੱਖਪਾਤੀ’ ਰਵੱਈਏ ਨੂੰ ਉਜਾਗਰ ਕਰਨਗੇ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਪ੍ਰਸਤਾਵ ਕਦੋਂ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਦਸਤਖ਼ਤਾਂ ਦੀ ਪ੍ਰਕਿਰਿਆ ਨੂੰ ਹੁਣ ਅੱਗੇ ਵਧਾਇਆ ਜਾਵੇਗਾ। ਹਾਲਾਂਕਿ ਇਸ ਨੂੰ ਵਿਧੀਵਤ ਤੌਰ ’ਤੇ ਪੇਸ਼ ਕਰਵਾਉਣ ਲਈ ਸਿਰਫ ਦੋ ਦਸਤਖ਼ਤ ਹੀ ਕਾਫ਼ੀ ਸਨ ਪਰ ਵਿਰੋਧੀ ਧਿਰ ਆਪਣੀ ਪੂਰੀ ਤਾਕਤ ਦਿਖਾਉਣਾ ਚਾਹੁੰਦਾ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਸਮੇਂ ਤੋਂ ਪਹਿਲਾਂ ਮੁਲਤਵੀ ਕਰ ਦਿੱਤੀ ਗਈ।

ਉਪ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ ਕੀ ਹੈ?

ਉਪ ਰਾਸ਼ਟਰਪਤੀ ਰਾਜ ਸਭਾ ਦਾ ਕਾਰਜਕਾਰੀ ਚੇਅਰਮੈਨ ਹੁੰਦਾ ਹੈ। ਉਸ ਨੂੰ ਹਟਾਉਣ ਲਈ ਰਾਜ ਸਭਾ ਵਿੱਚ ਬਹੁਮਤ ਨਾਲ ਮਤਾ ਪਾਸ ਕਰਨਾ ਹੋਵੇਗਾ। ਪ੍ਰਸਤਾਵ ਲਿਆਉਣ ਤੋਂ 14 ਦਿਨ ਪਹਿਲਾਂ ਨੋਟਿਸ ਵੀ ਦੇਣਾ ਹੋਵੇਗਾ।