ਨਵੀਂ ਦਿੱਲੀ : ਵਿਰੋਧੀ ਧਿਰ ਦੇ 9 ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਸਾਂਝਾ ਪੱਤਰ ਲਿਖਿਆ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਦੀ ਨਿੰਦਾ ਵੀ ਕੀਤੀ ਹੈ। ਸਾਂਝੇ ਪੱਤਰ ‘ਚ ਹਿਮੰਤ ਬਿਸਵਾ ਸਰਮਾ ‘ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਗਿਆ ਹੈ ਕਿ ਭਾਜਪਾ ‘ਚ ਸ਼ਾਮਲ ਹੋਣ ਵਾਲੇ ਵਿਰੋਧੀ ਨੇਤਾਵਾਂ ਖ਼ਿਲਾਫ਼ ਧੀਮੀ ਜਾਂਚ ਚੱਲ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਏਜੰਸੀਆਂ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਇਸ ਸਾਂਝੀ ਚਿੱਠੀ ਵਿਚ ਰਾਜਪਾਲ ਦਫਤਰ ‘ਤੇ ਵੀ ਸਵਾਲ ਚੁੱਕੇ ਗਏ ਹਨ। ਚੁਣੀਆਂ ਹੋਈਆਂ ਲੋਕਤੰਤਰਿਕ ਸਰਕਾਰਾਂ ਦੇ ਕੰਮਾਂ ਵਿਚ ਦਖਲ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ। ਚਿੱਠੀ ਵਿਚ ਜ਼ਿਕਰ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਕਾਰ ਵੱਧ ਰਹੀ ਦਰਾਰ ਦਾ ਕਾਰਨ ਰਾਜਪਾਲ ਨੂੰ ਠਹਿਰਾਇਆ ਗਿਆ ਹੈ।
ਬੀਆਰਐਸ ਮੁਖੀ ਰੰਦਰਸ਼ੇਖਰ ਰਾਓ, JKNC ਮੁਖੀ ਫਾਰੂਖ ਅਬਦੁਲਾ, AITC ਮੁਖੀ ਮਮਤਾ ਬੈਨਰਜੀ, NCP ਮੁਖੀ ਸ਼ਰਦ ਪਵਾਰ ਅਤੇ ਸ਼ਿਵਸੈਨਾ ਮੁਖੀ ਊਧਵ ਠਾਕਰੇ ਨੇ ਕੇਂਦਰੀ ਏਜੰਸੀਆਂ ਦੇ ਖਰਾਬ ਹੋ ਰਹੇ ਅਕਸ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਬਿਹਾਰ ਦੇ ਡਿਪਟੀ ਮੁੱਖ ਮੰਤਰੀ ਅਤੇ ਆਰਜੇਡੀ ਦੇ ਚੇਅਰਮੈਨ ਤੇਜਸਵੀ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਕੇਂਦਰ ਸਰਕਾਰ ‘ਤੇ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਛਾਪੇਮਾਰੀ ਕਰਨ ਦਾ ਵਿਰੋਧ ਕੀਤਾ ਹੈ। ਪੱਤਰ ਵਿੱਚ ਸੀਬੀਆਈ ਵੱਲੋਂ ਦਿੱਲੀ ਸ਼ਰਾਬ ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਕੀਤੀ ਗ੍ਰਿਫ਼ਤਾਰੀ ਨੂੰ ਪ੍ਰਮੁੱਖਤਾ ਨਾਲ ਉਭਾਰਦਿਆਂ ਆਗੂਆਂ ਨੇ ਦਾਅਵਾ ਕੀਤਾ ਕਿ ‘ਆਪ’ ਆਗੂ ਖਿਲਾਫ਼ ਲੱਗੇ ਦੋਸ਼ ਬੇਬੁਨਿਆਦ ਹਨ ਤੇ ਇਸ ਵਿਚੋਂ ਸਿਆਸੀ ਸਾਜ਼ਿਸ਼ ਦੀ ਝਲਕ ਮਿਲਦੀ ਹੈ।
ਆਗੂਆਂ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੇ ਸਾਬਕਾ ਟੀਐੱਮਸੀ ਆਗੂਆਂ ਸੁਵੇਂਦੂ ਅਧਿਕਾਰੀ ਤੇ ਮੁਕੁਲ ਰੌਏ ਦੀ ਮਿਸਾਲ ਦਿੰਦਿਆਂ ਦਾਅਵਾ ਕੀਤਾ ਕਿ ਜਾਂਚ ਏਜੰਸੀਆਂ ਉਨ੍ਹਾਂ ਵਿਰੋਧੀ ਆਗੂਆਂ ਖਿਲਾਫ਼ ਆਪਣੀ ਜਾਂਚ ਮੱਠੀ ਕਰ ਦਿੰਦੀਆਂ ਹਨ, ਜੋ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਕਿਹਾ, ‘‘ਸਾਲ 2014 ਮਗਰੋਂ ਵਿਰੋਧੀ ਧਿਰਾਂ ਦੇ ਆਗੂਆਂ ਖਿਲਾਫ਼ ਛਾਪਿਆਂ, ਕੇਸ ਦਰਜ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ।
ਲਾਲੂ ਪ੍ਰਸਾਦ ਯਾਦਵ (ਆਰਜੇਡੀ), ਸੰਜੈ ਰਾਊਤ ਸ਼ਿਵ ਸੈਨਾ, ਆਜ਼ਮ ਖ਼ਾਨ (ਸਪਾ), ਨਵਾਬ ਮਲਿਕ, ਅਨਿਲ ਦੇਸ਼ਮੁੱਖ (ਐੱਨਸੀਪੀ) ਤੇ ਅਭਿਸ਼ੇਕ ਬੈਨਰਜੀ (ਟੀਐੱਮਸੀ) ਜਿਹੇ ਆਗੂਆਂ ਖਿਲਾਫ਼ ਵਿੱਢੀ ਜਾਂਚ ਇਸ ਖ਼ਦਸ਼ੇ ਨੂੰ ਹੋਰ ਪੱਕਾ ਕਰਦੀਆਂ ਹਨ ਕੇੇਂਦਰੀ ਏਜੰਸੀਆਂ ਕੇਂਦਰ ਦੇ ਹੱਥਠੋਕੇ ਵਜੋਂ ਕੰਮ ਕਰ ਰਹੀਆਂ ਹਨ।’’ ਇਨ੍ਹਾਂ ਆਗੂਆਂ ਨੇ ਸਾਂਝੇ ਪੱਤਰ ਵਿੱਚ ਤਾਮਿਲ ਨਾਡੂ, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਤਿਲੰਗਾਨਾ ਦੇ ਰਾਜਪਾਲਾਂ ਅਤੇ ਦਿੱਲੀ ਦੇ ਉਪ ਰਾਜਪਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕਰਦਿਆਂ ਅਕਸਰ ਸਰਕਾਰ ਦੇ ਕੰਮ ਵਿੱਚ ਬੇਲੋੜਾ ਦਖ਼ਲ ਦਿੰਦੇ ਹਨ।