‘ਦ ਖ਼ਾਲਸ ਬਿਊਰੋ : ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਮੁਹਾਲੀ ਵਿੱਚ ਸਥਿਤੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਜਿਵੇਂ ‘ਆਪ’ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੋਵੇ। ਕੱਲ੍ਹ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਨਾਮ ‘ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ, ਚੰਡੀਗੜ੍ਹ’ ਦਾ ਉਦਘਾਟਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਹਵਾਈ ਅੱਡੇ ਦਾ ਨਾਮ ਰੱਖਣਾ ਤਾਂ ਸਾਰੀਆਂ ਪਾਰਟੀਆਂ ਲਈ ਸਹੀ ਹੈ ਪਰ ਹਵਾਈ ਅੱਡੇ ਦੇ ਨਾਲ ਜੁੜਿਆ ‘ਚੰਡੀਗੜ੍ਹ’ ਸ਼ਬਦ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਨ ਵਰਗਾ ਲੱਗ ਰਿਹਾ ਹੈ। ਇਸ ਕਰਕੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰ ਰਹੀਆਂ ਹਨ।
ਪੰਜਾਬ ਅਤੇ ਹਰਿਆਣਾ ਦਰਮਿਆਨ ਇਸ ਹਵਾਈ ਅੱਡੇ ਦੇ ਨਾਮਕਰਨ ਨੂੰ ਲੈ ਕੇ ਹੀ ਮਤਭੇਦ ਬਣੇ ਹੋਏ ਸਨ। ਕਾਫ਼ੀ ਪਹਿਲਾਂ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖੇ ਜਾਣ ਦੀ ਸਹਿਮਤੀ ਬਣ ਚੁੱਕੀ ਸੀ। ਬਸ ਰੌਲਾ ਇਸ ਗੱਲ ਦਾ ਸੀ ਕਿ ਹਵਾਈ ਅੱਡੇ ਦੇ ਨਾਮ ਨਾਲ ਮੁਹਾਲੀ ਲਿਖਿਆ ਜਾਵੇ ਜਾਂ ਫਿਰ ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਿਚਾਲੇ ਅਗਸਤ ’ਚ ਮਹੀਨੇ ਹੋਈ ਮੀਟਿੰਗ ਵਿਚ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ਦੀ ਮੁੜ ਸਹਿਮਤੀ ਬਣੀ ਸੀ ਤੇ ਦੋਹਾਂ ਸੂਬਿਆਂ ਨੇ ਸਾਂਝੇ ਤੌਰ ’ਤੇ ਪੱਤਰ ਕੇਂਦਰ ਸਰਕਾਰ ਨੂੰ ਭੇਜਿਆ ਸੀ।
ਕੁਝ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਚੰਡੀਗੜ੍ਹ ਏਅਰਪੋਰਟ ਦਾ ਨਾਮ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਮੁਹਾਲੀ’ ਰੱਖਣ ਬਾਰੇ ਮਤਾ ਪਾਸ ਕੀਤਾ ਗਿਆ ਸੀ। ਹਰਿਆਣਾ ਵਿਧਾਨ ਸਭਾ ਨੇ ਵੀ 31 ਮਾਰਚ 2016 ਨੂੰ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ‘ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ’ ਕਰਨ ਦਾ ਮਤਾ ਪਾਸ ਕੀਤਾ ਸੀ। ਇਸ ਹਵਾਈ ਅੱਡੇ ’ਤੇ ਪੰਜਾਬ ਸਰਕਾਰ ਨੇ 24.5 ਫ਼ੀਸਦੀ ਅਤੇ ਹਰਿਆਣਾ ਸਰਕਾਰ ਨੇ ਵੀ 24.5 ਫ਼ੀਸਦੀ ਖਰਚਾ ਕੀਤਾ ਹੈ। ਬਾਕੀ 51 ਫ਼ੀਸਦੀ ਖਰਚਾ ਏਅਰਪੋਰਟ ਅਥਾਰਟੀ ਨੇ ਕੀਤਾ ਹੈ।
ਹਰਿਆਣਾ ਸਰਕਾਰ ਦਾ ਸ਼ੁਰੂ ਤੋਂ ਕਹਿਣਾ ਕਿ ਏਅਰਪੋਰਟ ਦਾ ਰਨਵੇਅ ਚੰਡੀਗੜ੍ਹ ਅਤੇ ਟਰਮੀਨਲ ਪੰਜਾਬ ’ਚ ਹੈ। ਏਅਰਪੋਰਟ ਦੀ ਰਨਵੇਅ ਕਰ ਕੇ ਪਛਾਣ ਹੁੰਦੀ ਹੈ। ਪੰਜਾਬ ਸਰਕਾਰ ਦੀ ਦਲੀਲ ਰਹੀ ਹੈ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ‘ਨਾਮਕਰਨ ਨੀਤੀ’ ’ਚ ਸਾਫ਼ ਲਿਖਿਆ ਹੈ ਕਿ ਜਿਸ ਰੈਵੇਨਿਊ ਜ਼ਿਲ੍ਹੇ ਵਿਚ ਏਅਰਪੋਰਟ ਸਥਿਤ ਹੁੰਦਾ ਹੈ, ਉਸੇ ਦੇ ਨਾਮ ਨਾਲ ਏਅਰਪੋਰਟ ਜਾਣਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾਈ ਅੱਡੇ ਦੇ ਨਾਮ ਸਬੰਧੀ ਬੇਲੋੜਾ ਰੌਲਾ ਪਾਉਣ ਲਈ ਵਿਰੋਧੀ ਧਿਰਾਂ ਦੇ ਆਗੂਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉੱਪਰ ਰੱਖਿਆ ਗਿਆ ਹੈ। ਇਨ੍ਹਾਂ ਆਗੂਆਂ ਨੂੰ ਧੀਰਜ ਰੱਖਣਾ ਚਾਹੀਦਾ ਹੈ, ਕਿਉਂਕਿ ਹਵਾਈ ਅੱਡੇ ਸਬੰਧੀ ਰਹਿੰਦੇ ਸਾਰੇ ਮਸਲੇ ਜਲਦੀ ਹੱਲ ਕੀਤੇ ਜਾਣਗੇ। ਪਰ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਸੁਖਬੀਰ ਸਿੰਘ ਬਾਦਲ
ਪੰਜਾਬ ਵਿਰੋਧੀ ਸਾਜ਼ਿਸ਼ ਵਿੱਚ ਮੁੱਖ ਮੰਤਰੀ @BhagwantMann ਸ਼ਾਮਿਲ!
ਅਖਬਾਰਾਂ ਦਸਦੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਹਵਾਈ ਅੱਡੇ ਲਈ 307 ਕਿੱਲੇ ਮੋਹਾਲੀ ਦੀ ਜ਼ਮੀਨ ਦਿੱਤੀ ਅਤੇ ਇਸ ਦਾ ਨਾਮ "ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ" ਰੱਖਣ ਦਾ ਵਿਧਾਨਸਭਾ ਵਿਚ ਮਤਾ ਵੀ ਪਾਸ ਕੀਤਾ ਸੀ। pic.twitter.com/Y7bUzHDDLg
— Shiromani Akali Dal (@Akali_Dal_) September 28, 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਚੰਡੀਗੜ੍ਹ ਦੇ ਨਾਮ ’ਤੇ ਹਵਾਈ ਅੱਡੇ ਦਾ ਨਾਂ ਰੱਖਣ ਦੀ ਪੰਜਾਬ ਵਿਰੋਧੀ ਸਾਜ਼ਿਸ਼ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ। ਉਨ੍ਹਾਂ ਲਿਖਿਆ ਕਿ ਅਖ਼ਬਾਰਾਂ ਦੱਸਦੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਹਵਾਈ ਅੱਡੇ ਲਈ 307 ਏਕੜ ਮੁਹਾਲੀ ਦੀ ਜ਼ਮੀਨ ਦਿੱਤੀ ਅਤੇ ਇਸ ਦਾ ਨਾਂ ‘ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ’ ਰੱਖਣ ਦਾ ਵਿਧਾਨ ਸਭਾ ਵਿਚ ਮਤਾ ਵੀ ਪਾਸ ਕੀਤਾ ਸੀ।
ਅਮਰਿੰਦਰ ਸਿੰਘ ਰਾਜਾ ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡਾ ਪੰਜਾਬ ਦੀ ਜ਼ਮੀਨ ’ਤੇ ਬਣਿਆ ਹੈ, ਜਿਸ ਕਰਕੇ ਚੰਡੀਗੜ੍ਹ ਦੀ ਥਾਂ ਮੁਹਾਲੀ ਦਾ ਨਾਮ ਹੋਣਾ ਚਾਹੀਦਾ ਸੀ।
ਸੁਖਪਾਲ ਸਿੰਘ ਖਹਿਰਾ
Magnanimity has always been an issue with our govt’s they stop short of being graceful.Shaheed Bhagat Singh belonged to Punjab so does d city of Mohali but d Airport has been named after Chandigarh although that too is ours!But bcoz its built on Mohali land it deserves name too! pic.twitter.com/Fi2dGfiDNV
— Sukhpal Singh Khaira (@SukhpalKhaira) September 29, 2022
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਆਪ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਪੰਜਾਬ ਨਾਲ ਸਬੰਧ ਰੱਖਦੇ ਸਨ, ਤਾਂ ਇਸ ਹਿਸਾਬ ਨਾਲ ਮੁਹਾਲੀ ਸ਼ਹਿਰ ਦੇ ਵੀ ਸਨ। ਪਰ ਹਵਾਈ ਅੱਡੇ ਦਾ ਨਾਮ ਚੰਡੀਗੜ੍ਹ ਉੱਤੇ ਰੱਖਿਆ ਗਿਆ ਹੈ ਜਦਕਿ ਹਵਾਈ ਅੱਡਾ ਮੁਹਾਲੀ ਵਿੱਚ ਬਣਿਆ ਹੈ, ਇਸ ਕਰਕੇ ਮੁਹਾਲੀ ਦੀ ਜ਼ਮੀਨ ਹਵਾਈ ਅੱਡੇ ਦੇ ਨਾਲ ਆਪਣੇ ਨਾਂ ਦਾ ਹੱਕ ਰੱਖਦੀ ਹੈ।