India Punjab

ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਦੇ ਬਜਟ ‘ਚ ਗਿਣਾਈਆ ਖਾਮੀਆਂ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨਿੱਚਰਵਾਰ ਨੂੰ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਵੱਲੋਂ ਵਿੱਤੀ ਸਾਲ 2025-26 ਲਈ ਕੇਂਦਰੀ ਬਜਟ ਪੇਸ਼ ਕੀਤਾ ਹੈ।  ਇਸੇ ਦੌਰਾਨ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਜਾਂ ਦੇ ਨਾਮ ਦੇਖੋ – ਬਿਹਾਰ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ। ਸਿਰਫ਼ ਬਿਹਾਰ, ਬਿਹਾਰ, ਤੇ ਬਿਹਾਰ, ਪੰਜਾਬ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਿਛਲੇ 4 ਸਾਲਾਂ ਤੋਂ ਐਮ.ਐਸ.ਪੀ. ਲਈ ਕਾਨੂੰਨੀ ਗਰੰਟੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਲਈ ਕੀ ਐਲਾਨ ਕੀਤਾ? ਮਖਾਨਾ ਬੋਰਡ। ਇਹ ਕਿਸਾਨ ਵਿਰੋਧੀ ਬਜਟ ਸੀ। ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ, ਇਹ ਦੁਖਦਾਈ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ 2025-26 ‘ਚੋਂ ਵੀ ਪੰਜਾਬ ਬਿਲਕੁਲ ਮਨਫ਼ੀ ਹੈ । ਪੰਜਾਬ ਦੀ ਕਿਸਾਨੀ ਪਿਛਲੇ ਚਾਰ ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ‘ਤੇ ਰੁਲ ਰਹੀ ਹੈ, ਪਰ ਬਜਟ ਵਿੱਚ ਕਿਸਾਨਾਂ ਲਈ ਵੀ ਕੁੱਝ ਨਹੀਂ । ਕੇਂਦਰ ਅਤੇ ਪੰਜਾਬ ਦੀ ਸੂਬਾ ਸਰਕਾਰ ਰਲਕੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ‘ਤੇ ਤੁਲੇ ਹੋਏ ਹਨ, ਇਸ ਵਿੱਚ ਕਸੂਰ ਸੂਬੇ ਦੀ ਮੌਜੂਦਾ ਆਪ ਸਰਕਾਰ ਦਾ ਵੀ ਹੈ, ਜੋ ਕੇਂਦਰ ਕੋਲ ਪੰਜਾਬ ਦੀਆਂ ਆਰਥਿਕ ਸਮੱਸਿਆਵਾਂ ਨੂੰ ਪੇਸ਼ ਹੀ ਨਹੀਂ ਕਰ ਸਕੀ।

ਮੁੱਖ ਮੰਤਰੀ ਭਗਵੰਤ ਮਾਨ

ਬਜਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਹਨ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਇਕ ਵਾਰ ਫ਼ਿਰ ਪੰਜਾਬ ਨੂੰ ਅਣਦੇਖਿਆ ਕੀਤਾ ਗਿਆ। ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਹੈ। ਕੇਂਦਰ ਵੱਲੋਂ ਨਾ ਹੀ ਕਿਸਾਨਾਂ ਨੂੰ ਫ਼ਸਲ ‘ਤੇ ਐੱਮ. ਐੱਸ. ਪੀ,  ਨਾ ਹੀ ਸੂਬੇ ਨੂੰ ਕੋਈ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਅਜਿਹਾ ਕੁਝ ਨਹੀਂ ਦਿੱਤਾ ਜੋ ਕਿ ਉਸ ਦੇ ਆਰਥਿਕ ਅਤੇ ਭਵਿੱਖ ‘ਚ ਸੁਧਾਰ ਲਿਆ ਸਕੇ। ਇਹ ਬਜਟ ਸਿਰਫ਼ ਚੋਣਾਵੀ ਬਜਟ ਹੈ, ਜਿਸ ਵਿੱਚ ਸਿਰਫ਼ ਬਿਹਾਰ ਸੂਬੇ ਲਈ ਹੀ ਘੋਸ਼ਣਾ ਹੈ। ਇਕ ਵਾਰ ਫਿਰ ਬਜਟ ‘ਚ ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕੀਤਾ ਹੈ ਪਰ ਪੰਜਾਬ ਨੂੰ ਅਸੀਂ ਆਪਣੇ ਬਲਬੂਤੇ ‘ਤੇ ਪੈਰਾਂ ਸਿਰ ਖੜ੍ਹਾ ਕਰਕੇ ਰਹਾਂਗੇ।

ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਤੇ ਸਵਾਲ ਉਠਾਏ ਗਏ ਨੇ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਦੇ ਖਜ਼ਾਨੇ ਦਾ ਇੱਕ ਵੱਡਾ ਹਿੱਸਾ ਕੁਝ ਅਮੀਰ ਅਰਬਪਤੀਆਂ ਦੇ ਕਰਜ਼ੇ ਮਾਫ਼ ਕਰਨ ‘ਤੇ ਖਰਚ ਹੁੰਦਾ ਹੈ। ਮੈਂ ਮੰਗ ਕੀਤੀ ਸੀ ਕਿ ਬਜਟ ਵਿੱਚ ਇਹ ਐਲਾਨ ਕੀਤਾ ਜਾਵੇ ਕਿ ਹੁਣ ਤੋਂ ਕਿਸੇ ਵੀ ਅਰਬਪਤੀ ਦਾ ਕਰਜ਼ਾ ਮੁਆਫ਼ ਨਾ ਕੀਤਾ ਜਾਵੇ ਤੇ ਇਸ ਤੋਂ ਬਚੇ ਹੋਏ ਪੈਸੇ ਨਾਲ ਮੱਧ ਵਰਗ ਦੇ ਘਰੇਲੂ ਕਰਜ਼ਿਆਂ ਅਤੇ ਵਾਹਨ ਕਰਜ਼ਿਆਂ ਵਿੱਚ ਰਾਹਤ ਹੋਣੀ ਚਾਹੀਦੀ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣੇ ਚਾਹੀਦੇ ਹਨ।

ਆਮਦਨ ਕਰ ਅਤੇ ਜੀਐਸਟੀ ਟੈਕਸ ਦਰਾਂ ਅੱਧੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਤੇ ਅੱਗੇ ਉਹਨਾਂ ਲਿਖਿਆ ਕਿ ਮੈਨੂੰ ਅਫ਼ਸੋਸ ਹੈ ਕਿ ਇਹ ਨਹੀਂ ਕੀਤਾ ਗਿਆ।

ਮਨੀਸ਼ ਤਿਵਾੜੀ

ਕਾਂਗਰਸੀ MP ਮਨੀਸ਼ ਤਿਵਾੜੀ ਦਾ ਵੀ  ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ਤੋਂ MP ਮਨੀਸ਼ ਤਿਵਾੜੀ ਨੇ ਕਿਹਾ ਕਿ ਕੀ ਇਹ ਭਾਰਤ ਸਰਕਾਰ ਦਾ ਬਜਟ ਹੈ ਜਾਂ ਬਿਹਾਰ ਸਰਕਾਰ ਦਾ? ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਭਾਸ਼ਣ ’ਚ ਬਿਹਾਰ ਤੋਂ ਇਲਾਵਾ ਕਿਸੇ ਹੋਰ ਸੂਬੇ ਦਾ ਨਾਮ ਸੁਣਿਆ ਗਿਆ।

ਤਿਵਾੜੀ ਨੇ ਕਿਹਾ ਜਦੋਂ ਦੇਸ਼ ਦੇ ਬਜਟ ਦੀ ਗੱਲ ਆਉਂਦੀ ਹੈ, ਤਾਂ ਬਜਟ ਵਿੱਚ ਪੂਰੇ ਦੇਸ਼ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਹੈ। ਇਹ ਬਹੁਤ ਹੀ ਮੰਦਭਾਗਾ ਹੈ ਕਿ ਬਜਟ ’ਚ ਸਿਰਫ਼ ਤੇ ਸਿਰਫ਼ ਬਿਹਾਰ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਗੱਠਜੋੜ ਭਾਈਵਾਲਾਂ ਨੂੰ ਸਥਿਰ ਰੱਖਣ ਲਈ ਪੂਰੇ ਦੇਸ਼ ਨੂੰ ਦਾਅ ‘ਤੇ ਲਗਾ ਦਿੱਤਾ ਹੈ।

ਚਰਨਜੀਤ ਸਿੰਘ ਚੰਨੀ

ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬਜਟ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਇਹ ਇਕ ਦਿਸ਼ਾਹੀਣ ਬਜਟ ਸੀ। ਬਜਟ ਵਿਚ ਕਿਸੇ ਵੀ ਖੇਤਰ ਲਈ ਕੁਝ ਨਹੀਂ ਸੀ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਯੂ.ਪੀ. ਇਨ੍ਹਾਂ ਰਾਜਾਂ ਦੇ ਨਾਵਾਂ ਨੂੰ ਵੀ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਸਭ ਕੁਝ ਆਪਣੀ ‘ਈਸਟ ਇੰਡੀਆ ਕੰਪਨੀ’ ਨੂੰ ਵੇਚ ਰਹੇ ਹਨ।