ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਬਿਜਲੀ ਸਬਸਿਡੀ ਨੂੰ ਲੈ ਕੇ ਪੀਐਸਪੀਸੀਐਲ ਤੇ ਪੰਜਾਬ ਸਰਕਾਰ ਦੋਨਾਂ ਦੇ ਆਪਾ ਵਿਰੋਧੀ ਬਿਆਨ ਸਾਹਮਣੇ ਆਏ ਹਨ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀਐਸਪੀਸੀਐਲ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਵਿਭਾਗ ਦੀ ਪੰਜਾਬ ਵੱਲ ਕੋਈ ਰਕਮ ਬਕਾਇਆ ਹੈ। ਜਦੋਂ ਕਿ ਪੀਐਸਪੀਸੀਐਲ ਨੇ ਇਹ ਦਾਅਵਾ ਕੀਤਾ ਸੀ ਕਿ ਪਿਛਲੀਆਂ ਸਰਕਾਰ ਦੇ ਵੇਲੇ ਰਹਿੰਦੇ ਬਕਾਏ ਨੂੰ ਮਿਲਾ ਕੇ ਹੁਣ ਤੱਕ 1900 ਕਰੋੜ ਰੁਪਏ ਸਰਕਾਰ ਵੱਲ ਵਿਭਾਗ ਦੇ ਹਾਲੇ ਤੱਕ ਅਦਾ ਕਰਨ ਨੂੰ ਰਹਿੰਦੇ ਹਨ।
ਪੀਐਸਪੀਸੀਐਲ ਦੇ ਇੰਜੀਨਿਅਰ ਸੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿੱਖੀ ਕੇ 19 ਹਜ਼ਾਰ ਕਰੋੜ ਦੀ ਸਬਸਿਡੀ ਬਕਾਇਆ ਹੋਣ ਦੀ ਗੱਲ ਕਹੀ ਸੀ ਤੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੀ ਇਹ ਦਾਅਵਾ ਕੀਤਾ ਸੀ ਕਿ ਵਿਭਾਗ ਇਸ ਵੇਲੇ ਬਿਲਕੁਲ ਵੀ ਫਾਇਦੇ ਚ ਨਹੀਂ ਹੈ ਤੇ ਨਕਦ ਬਿਜਲੀ ਖਰੀਦ ਕੇ ਉਧਾਰ ਦਿੱਤੀ ਜਾ ਰਹੀ ਹੈ ਤੇ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਵੀ 500 ਕਰੋੜ ਦਾ ਕਰਜਾ ਲਿਆ ਗਿਆ ਹੈ ।
ਸਰਕਾਰ ਵੱਲ 19000 ਕਰੋੜ ਦਾ ਬਕਾਇਆ ਸਬਸਿਡੀ ਦਾ ਖੜਾ ਹੈ ਤੇ ਇਸ ਤੋਂ ਇਲਾਵਾ ਵੀ 9000 ਕਰੋੜ ਪੁਰਾਣੀ ਸਰਕਾਰ ਵੇਲੇ ਦਾ ਖੜਾ ਹੈ। ਉਹਨਾਂ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਇੱਕ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਵੀ ਜਤਾਈ ਹੈ। ਇਹਨਾਂ ਹਾਲਾਤਾਂ ਦਾ ਸਿੱਧਾ-ਸਿੱਧਾ ਕਾਰਨ ਉਹਨਾਂ ਨੇ ਪੰਜਾਬ ਸਰਕਾਰ ਵਲੋਂ ਮੁਫ਼ਤ ਕੀਤੀਆਂ 600 ਯੂਨੀਟਾਂ ਨੂੰ ਦੱਸਿਆ ਹੈ,ਜਿਸ ਕਾਰਨ ਮੰਗ ਵੱਧ ਗਈ ਹੈ ਤੇ ਇਸ ਲਈ ਪੀਐਸਪੀਸੀਐਲ ਨੂੰ ਖਰੀਦ ਕੇ ਬਿਜਲੀ ਦੀ ਸਪਲਾਈ ਪੂਰੀ ਕਰਨੀ ਪੈ ਰਹੀ ਹੈ।