‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਤਾਰੀਫ ਕੀਤੀ ਹੈ। ਪੰਜਾਬ ਸਰਕਾਰ ਨੇ ਮੁਹਾਲੀ ‘ਚ 29 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਿਆ ਸੀ। ਨਵਜੋਤ ਸਿੱਧੂ ਨੇ ਭਗਵੰਤ ਮਾਨ ਦੀ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ।
ਸਿੱਧੂ ਨੇ ਟਵੀਟ ਕਰੇਕ ਮਾਨ ਸਰਕਾਰ ਦੇ ਇਸ ਕੰਮ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਿਸਵਾਂ ਪਿੰਡ ‘ਚ ਪੰਜਾਬ ਦੀ 29 ਏਕੜ ਜ਼ਮੀਨ ਵਾਪਸ ਲੈਣ ਲਈ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਜੀ ਦੀ ਪ੍ਰਸੰਸਾ ਕਰਦਾ ਹਾਂ। ਇਹ ਪੰਜਾਬ ਲਈ ਅੱਗੇ ਦਾ ਰਾਹ ਹੈ। ਉਮੀਦ ਹੈ ਕਿ ਇਹ 29 ਜਲਦੀ ਹੀ 29000 ‘ਚ ਬਦਲ ਜਾਵੇਗਾ। ਭ੍ਰਿਸ਼ਟ ਲੋਕਾਂ ਦੀ ਜਾਇਦਾਦ ਵੀ ਜ਼ਬਤ ਕਰੋ, ਚਾਹੇ ਉਹ ਕੋਈ ਵੀ ਹੋਵੇ।
ਦੂਜੇ ਪਾਸੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਮਾਨ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੈਂ ਜ਼ਮੀਨਾਂ ਦੇ ਨਾਜਾਇਜ਼ ਕਬਜ਼ਿਆਂ ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਦਾ ਦਿਲੋਂ ਸੁਆਗਤ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਸਰਕਾਰ ਦੀ ਕਾਰਵਾਈ ਕੁਝ ਲੋਕਾਂ ਤੱਕ ਸੀਮਤ ਨਹੀਂ ਹੋਵੇਗੀ, ਸਗੋਂ ਹਰ ਭ੍ਰਿਸ਼ਟ ਸਿਆਸਤਦਾਨ, ਅਫਸਰ ਅਤੇ ਪ੍ਰਭਾਵਸ਼ਾਲੀ ਵਿਅਕਤੀ ਦੇ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਸਖ਼ਤ ਸਜ਼ਾ ਦਿੱਤੀ ਜਾਵੇਗੀ।