Punjab

ਵਿਰੋਧੀਆਂ ਨੇ ਮਾਨ ਨੂੰ ਦੱਸਿਆ ‘ਝੂਠਾ’

Opponents call Mann a 'liar'

‘ਦ ਖ਼ਾਲਸ ਬਿਊਰੋ :- ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ‘ਤੇ ਵਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਨੂੰ ਝੂਠ ਬੋਲਣ ਦੀ ਆਦਤ ਹੈ । ਇੱਕ ਸ਼ਰੀਫ ਵਿਅਕਤੀ ਨੂੰ ਉਲਝਾ ਕੇ ਉਹਨਾਂ ਦੋਸ਼ ਲਾਉਣ ਵਾਲੇ ਪਿਉ-ਪੁੱਤ ਨੂੰ ਝਾਂਸੇ ਵਿੱਚ ਲੈ ਲਿਆ ਹੈ। ਉਹਨਾਂ ਕਿਹਾ ਕਿ ਐਵੇਂ ਹੀ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਪਰ ਨਿਕਲਿਆ ਵਿੱਚੋਂ ਕੁੱਝ ਵੀ ਨਹੀਂ । ਸਾਬਕਾ ਮੁੱਖ ਮੰਤਰੀ ਦੀ ਵਾਰ ਵਾਰ ਗੱਲ ਕੀਤੀ ਜਾ ਰਹੀ ਹੈ ਪਰ ਕਟਾਰੂਚੱਕ ਦਾ ਅੱਜ ਤੱਕ ਨਾਂ ਵੀ ਨਹੀਂ ਲਿਆ ਹੈ ਕਿ ਉਸਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਜਾਂ ਜੋ ਉਸ ਨੇ ਕੀਤਾ ਹੈ, ਉਹ ਸਭ ਕਿਸੇ ਜ਼ੁਰਮ ਹੇਠ ਨਹੀਂ ਆਉਂਦਾ।
ਬਾਜਵਾ ਨੇ ਸਾਬਕਾ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਡਾ. ਹਮਦਰਦ ਦੇ ਪੱਖ ਵਿੱਚ ਬੋਲਣ ਕਾਰਨ ਹੀ ਉਹਨਾਂ ਨੂੰ ਕੈਬਨਿਟ ਚੋਂ ਕੱਢ ਦਿੱਤਾ ਗਿਆ ਹੈ।
ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਐਮਬੀਬੀਐਸ ਦੀ ਡਿਗਰੀ ਧਾਰੀ ਡਾ. ਨਿੱਝਰ ਦੇ ਬਦਲ ਬਲਕਾਰ ਸਿੰਘ ਤੇ ਆਪਣੇ ਪੁੱਤਰ ਨੂੰ ਨੌਕਰੀ ਦਵਾਉਣ ਲਈ ਜਾਅਲੀ ਸਰਟੀਫਿਕੇਟ ਬਣਾਉਣ ਦਾ ਇਲ਼ਜ਼ਾਮ ਹੈ। ਬਾਜਵਾ ਨੇ ਤੰਜ ਕੱਸਦਿਆਂ ਕਿਹਾ ਕਿ ਮਾਨ ਆਪ 12ਵੀਂ ਪਾਸ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੇ ਕੈਬਨਿਟ ਵਿੱਚ ਆਪਣੇ ਤੋਂ ਵੱਧ ਪੜਿਆ ਲਿਖਿਆ ਕੋਈ ਵੀ ਰਹਿਣ ਨਹੀਂ ਦੇਣਾ। ਬਾਜਵਾ ਨੇ ਕਿਹਾ ਹੈ ਕਿ ਦੋ ਦਾ ਇਸ਼ਾਰਾ ਕਰਨ ਵਾਲੀ ਗੱਲ ਹੋ ਰਹੀ ਹੈ ਪਰ ਕੇਜਰੀਵਾਲ ਤੇ ਮਾਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ ,ਜਿਥੇ ਉਹ ਖੁੱਦ ਇਹੋ ਜਿਹੇ ਇਸ਼ਾਰੇ ਕਰ ਰਹੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਸਾਫ਼ ਕੀਤਾ ਹੈ ਕਿ ਪੰਜਾਬ ਕਾਂਗਰਸ ਤੇ ਹਾਈ ਕਮਾਨ ਕੇਂਦਰ ਸਰਕਾਰ ਵਾਲੇ ਅਲਟੀਮੇਟਮ ਮਾਮਲੇ ਵਿੱਚ ਆਪ ਨੂੰ ਕੋਈ ਸਹਿਯੋਗ ਨਹੀਂ ਕਰੇਗੀ। ਮਾਨ ਪਹਿਲਾਂ ਆਪਣੇ ਮੰਤਰੀਆਂ ਦੀਆਂ ਸਫਾਈਆਂ ਦੇ ਦੇਵੇ, ਸਾਡੇ ਵੱਲ਼ ਬਾਅਦ ਵਿੱਚ ਆਵੇ।

ਵਿਧਾਇਕ ਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਖੇਡਾਂ ਵਿੱਚ ਕਾਮਨਵੈਥ,ਉਲੰਪਿਕ ਤੇ ਏਸ਼ੀਆ ਪੱਧਰ ਮੈਡਲ ਲੈਣ ਵਾਲਿਆਂ ਨੂੰ ਹੀ ਕਲਾਸ ਵਨ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਦੋਸ਼ ਲਾਣ ਵਾਲਾ ਮੁੰਡਾ ਪੀਸੀਐਸ ਪਾਸ ਹੋਇਆ ਸੀ ਪਰ ਖੇਡਾਂ ਵਿੱਚ ਕੁਆਲੀਫਾਈ ਨਾ ਕਰ ਸਕਿਆ,ਜਿਸ ਕਾਰਨ ਪੀਪੀਐਸ ਸੀ ਨੇ ਇਸ ਨੂੰ ਜਰਨਲ ਕੈਟਾਗਿਰੀ ਵਿੱਚ ਪਾ ਦਿੱਤਾ ਸੀ ।

ਇਹ ਮਾਮਲੇ ਸਿਰਫ਼ ਤੇ ਸਿਰਫ਼ ਸਨਸਨੀ ਬਣਾਉਣ ਦੇ ਲਈ ਹੀ ਉਠਾਇਆ ਜਾ ਰਿਹਾ ਹੈ। ਵਿਧਾਇਕ ਪਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਦਾ ਧਿਆਨ ਹੋਰ ਪਾਸੇ ਲਾਉਣ ਲਈ ਹੀ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ।

ਉਹਨਾਂ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਇਸ ਕੈਟਾਗਿਰੀ ਵਿੱਚ ਇਸ ਖਿਡਾਰੀ ਨੂੰ ਨੌਕਰੀ ਦਿੱਤੀ ਹੀ ਨਹੀਂ ਜਾ ਸਕਦੀ। ਜੇ ਮਾਨ ਸਰਕਾਰ ਦਿੰਦੀ ਹੈ ਤਾਂ ਇਹੋ ਜਿਹੇ 2 ਤੋਂ 3 ਹਜ਼ਾਰ ਬੱਚੇ ਹੋਣਗੇ , ਜਿਨਾਂ ਨੂੰ ਨੌਕਰੀ ਦੇਣਾ ਸਰਕਾਰ ਲਈ ਸੰਭਵ ਹੀ ਨਹੀਂ ਹੈ। ਉਹਨਾਂ ਦੁਬਾਰਾ ਦੱਸਿਆ ਕਿ ਸਿਰਫ਼ ਕਾਮਨਵੈਲਥ , ਉਲੰਪਿਕ ਤੇ ਏਸ਼ੀਆਈ ਮੈਡਲਿਸਟਾਂ ਨੂੰ ਨੌਕਰੀ ਮਿਲਦੀ ਹੈ। ਜੇਕਰ ਕ੍ਰਿਕਟ ਦੀ ਗੱਲ ਕਰੀਏ ਤਾਂ ਹਰਭਜਨ ਸਿੰਘ ਤੇ ਖਿਡਾਰਨ ਅਮਨਦੀਪ ਕੌਰ ਨੂੰ ਹੀ ਨੌਕਰੀ ਦਿੱਤੀ ਗਈ ਹੈ ਕਿਉਂਕਿ ਉਹਨਾਂ ਅੰਤਰਰਾਸ਼ਟਰੀ ਪੱਧਰ ‘ਤੇ ਉਪਲਬਧੀਆਂ ਹਾਸਲ ਕੀਤੀਆਂ ਸਨ। ਇਹ ਖਿਡਾਰੀ ਤਾਂ ਸਪੇਅਰ ਹੈ ਤੇ ਇਸ ਨੂੰ ਕਿਵੇਂ ਪੰਜਾਬ ਸਰਕਾਰ ਨੌਕਰੀ ਦੇ ਸਕਦੀ ਹੈ ? ਜੇਕਰ ਦਿੰਦੀ ਵੀ ਹੈ ਤਾਂ ਇਸ ਕੈਟਾਗਰੀ ਦੇ 2000-3000 ਖਿਡਾਰੀ ਹੋਰ ਵੀ ਹਨ। ਉਹਨਾਂ ਕਿਹਾ ਕਿ ਮਾਨ ਸਰਕਾਰ ਸਿਰਫ਼ ਡਰਾਮੇ ਕਰ ਰਹੇ ਹਨ।