ਅੰਮ੍ਰਿਤਸਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਰਸਾ ਸਿੰਘ ਵਲਟੋਹਾ ਬਾਰੇ ਦਿੱਤੇ ਗਏ ਬਿਆਨ ‘ਤੇ ਸਿਆਸੀ ਜੰਗ ਛਿੜ ਗਈ ਹੈ। ਇਸ ਬਿਆਨ ‘ਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਥੇਦਾਰ ਸਾਹਿਬ ਹਰ ਸਮੇਂ ਸਾਡੇ ਲਈ ਸਤਿਕਾਰਯੋਗ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ ਕਿਉਂਕਿ ਸਿੱਖ ਕੌਮ ਦੇ ਅੰਦਰ ਇੱਕ ਰਵਾਇਤ ਬਣ ਗਈ ਹੈ ਕਿ ਤਖ਼ਤਾ ਦੇ ਜੋ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ, ਜਾਂ ਤਾਂ ਉਹ ਗ੍ਰੰਥੀ ਸਿੰਘ, ਪ੍ਰਚਾਰਕ ਹੋਣ, ਇਨ੍ਹਾਂ ਵਿੱਚੋਂ ਆਮ ਕਰਕੇ ਚੋਣ ਕੀਤੀ ਜਾਂਦੀ ਹੈ ਜਦਕਿ ਜਥੇਦਾਰ ਲਈ ਇਹ ਹੋਣਾ ਜ਼ਰੂਰੀ ਨਹੀਂ ਹੈ। ਜਥੇਦਾਰ ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸੋਚ ਉੱਤੇ ਚੱਲਣ ਵਾਲਾ ਜਥੇਦਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਜਥੇਦਾਰ ਸਹਿਬਾਨ ਨੂੰ ਮੇਰੀ ਇਹ ਗੱਲ ਚੰਗੀ ਨਾ ਲੱਗੀ ਹੋਵੇ ਇਸ ਕਾਰਨ ਉਨ੍ਹਾਂ ਨੇ ਮੇਰੇ ‘ਤੇ ਤੰਜ ਕੱਸਿਆ ਹੈ।
ਮਹੇਸ਼ ਇੰਦਰ ਗਰੇਵਾਲ
ਦੂਜੇ ਪਾਸੇ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਨੇ ਇਸ ਮੁੱਦੇ ‘ਤੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸੱਚ ਕਿਹਾ ਹੈ ਕਿ ਧਰਮ ‘ਤੇ ਸਿਆਸਤ ਕਦੇ ਵੀ ਹਾਵੀ ਨਹੀਂ ਹੋ ਸਕਦੀ । ਗਰੇਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਧਰਮ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਕੋਈ ਲੋੜ ਨਹੀਂ ਹੈ।
ਗਰੇਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਦਬਾਅ ਹੇਠ ਦਿੱਤੇ ਗਏ ਅਸਤੀਫੇ ਵਾਲੀ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇੱਛਾ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਹੁਦਾ ਛੱਡਿਆ ਹੈ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਉਹ ਖੁਦ ਹੀ ਦੱਸ ਸਕਦੇ ਹਨ।
ਗੁਰਚਰਨ ਸਿੰਘ ਗਰੇਵਾਲ
ਇਸ ਤੋਂ ਬਾਅਦ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ‘ਤੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਵੱਲੋਂ ਦਿੱਤੇ ਗਏ ਬਿਆਨ ਦਾ ਜਵਾਬ ਉਹ ਖੁਦ ਹੀ ਦੇ ਸਕਦੇ ਹਨ।
ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ। ਇਸੇ ਦੌਰਾਨ ਜਥੇਦਾਰ ਨੇ ਵਿਰਸਾ ਸਿੰਘ ਵਲਟੋਹਾ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੇਜ ਉੱਤੇ ਪਾਇਆ ਹੈ ਕਿ ਜਰੂਰੀ ਨਹੀਂ ਕਿ ਜਥੇਦਾਰ ਕਥਾਵਾਚਕ, ਪ੍ਰਚਾਰਕ, ਗਿਆਨੀ, ਗ੍ਰੰਥੀ, ਤਗੜਾ ਬੁਲਾਰਾ ਜਾਂ ਵਧੀਆ ਲੱਸੇਦਾਰ ਭਾਸ਼ਣ ਕਰਨ ਵਾਲਾ ਹੀ ਹੋਵੇ। ਜਥੇਦਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਵਿੱਚ ਇਸ ਸਮੇਂ ਲੱਗਦਾ ਦਲੇਰੀ, ਹਿੰਮਤ ਬਹੁਤ ਜ਼ਿਆਦਾ ਹੈ, ਇਸ ਲਈ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਾਂਗਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਤੌਰ ਜਥੇਦਾਰ ਦੀ ਸੇਵਾ ਵਲਟੋਹਾ ਨੂੰ ਦੇਵੇ, ਤਾਂ ਜੋ ਉਹਨਾਂ ਨੇ ਜੋ ਕੁਝ ਕਰਾਉਣਾ ਹੋਵੇ, ਕਰਵਾ ਲੈਣ।