ਬਿਊਰੋ ਰਿਪੋਰਟ (12 ਫਰਵਰੀ, 2026): ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ’ਤੇ ‘ਆਪਰੇਸ਼ਨ ਲੋਟਸ’ ਰਾਹੀਂ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਹਨ।
ਬੰਦ ਕਮਰੇ ’ਚ ਮੀਟਿੰਗ ਦਾ ਪ੍ਰਸਤਾਵ
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਬੰਦ ਕਮਰੇ ਵਿੱਚ ਮੀਟਿੰਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੈਣੀ ਨੇ ਉਨ੍ਹਾਂ ਨੂੰ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇਣ ਅਤੇ ਹਰ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਸਿਰੇ ਤੋਂ ਨਕਾਰ ਦਿੱਤਾ।
ਵਿਧਾਇਕ ਭਰਾਜ ਦੇ ਮੁੱਖ ਬੋਲ:
- ਪਾਰਟੀ ਪ੍ਰਤੀ ਵਫ਼ਾਦਾਰੀ: ਭਰਾਜ ਨੇ ਕਿਹਾ, “ਮੈਨੂੰ ਆਮ ਆਦਮੀ ਪਾਰਟੀ ਅਤੇ ਸੰਗਰੂਰ ਦੇ ਲੋਕਾਂ ਨੇ ਬਣਾਇਆ ਹੈ। ਮੈਂ 19 ਸਾਲ ਦੀ ਉਮਰ ਵਿੱਚ ਪੋਲਿੰਗ ਏਜੰਟ ਬਣੀ ਸੀ ਅਤੇ ਪਾਰਟੀ ਲਈ ਬੈਨਰ ਲਗਾਉਣ ਤੋਂ ਲੈ ਕੇ ਬੱਸਾਂ ਭਰਨ ਤੱਕ ਸਾਰੀ ਸੇਵਾ ਕੀਤੀ ਹੈ।”
- ਭਾਜਪਾ ‘ਤੇ ਤਨਜ਼: ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਅੱਜਕੱਲ੍ਹ ਪੰਜਾਬ ਵਿੱਚ ਇਸ ਤਰ੍ਹਾਂ ਘੁੰਮ ਰਹੇ ਹਨ ਜਿਵੇਂ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਵਿੱਚ ‘ਡੇਪੂਟੇਸ਼ਨ’ ‘ਤੇ ਭੇਜ ਦਿੱਤਾ ਹੋਵੇ।
- ਸਿਸਟਮ ਬਦਲਣ ਦੀ ਲੜਾਈ: ਭਰਾਜ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਨੀਤੀਆਂ ਨਾਲ ਡਟ ਕੇ ਖੜ੍ਹੀ ਹੈ ਅਤੇ ਭਾਜਪਾ ਦੀ ਗੰਦੀ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਵੇਗੀ।
ਬਲਤੇਜ ਪੰਨੂ ਦਾ ਬਿਆਨ
ਆਪ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਵਿੱਚ ਸਾਡੇ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਾਡੇ ਸਿਪਾਹੀ ਵਿਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਚਾਲ ਇਸ ਵਾਰ ਵੀ ਬੁਰੀ ਤਰ੍ਹਾਂ ਫੇਲ੍ਹ ਹੋਵੇਗੀ।

