Punjab

ਪੰਜਾਬ ‘ਚ ਖੁੱਲ੍ਹੀਆਂ ਦੁਕਾਨਾਂ, ਦੁਕਾਨਦਾਰਾਂ ਦੇ ਚਿਹਰਿਆਂ ਤੋਂ ਉੱਡੀਆਂ ਮੁਸਕਾਨਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ ਤੋਂ ਸਾਰੀਆਂ ਜ਼ਰੂਰੀ ਅਤੇ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੁਕਾਨਾਂ ਦਾ ਵੱਖ-ਵੱਖ ਸਮਾਂ ਤੈਅ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਸੀ. ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਦੁਕਾਨਾਂ ਨੂੰ ਖੁੱਲ੍ਹਵਾਉਣ ਵਿੱਚ ਆਪਣੇ ਮੁਤਾਬਕ ਸਮਾਂ ਤੈਅ ਕਰਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੈਅ ਕੀਤਾ ਗਿਆ ਵੱਖ-ਵੱਖ ਸਮਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਲੁਧਿਆਣਾ ‘ਚ ਕਦੋਂ ਤੱਕ ਖੱਲ੍ਹਣਗੀਆਂ ਦੁਕਾਨਾਂ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਵਿੱਚ ਸਾਰੀਆਂ ਜ਼ਰੂਰੀ ਅਤੇ ਗੈਰ-ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਨੂੰ ਸਵੇਰੇ 5 ਵਜੇ ਤੋਂ 12 ਵਜੇ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਹਨ। 12 ਵਜੇ ਤੋਂ ਬਾਅਦ ਸ਼ਹਿਰ ਵਿੱਚ ਸਾਰੀਆਂ ਦੁਕਾਨਾਂ, ਨਿੱਜੀ ਦਫਤਰਾਂ ਲਈ ਕਰਫਿਊ ਲਾਇਆ ਜਾਵੇਗਾ। ਕਰਫਿਊ ਦੌਰਾਨ ਹੋਮ ਡਿਲਿਵਰੀ ਦੀ ਇਜਾਜ਼ਤ ਦਿੱਤੀ ਗਈ ਹੈ।

ਦੁੱਧ ਦੀ ਹੋਮ ਡਿਲਿਵਰੀ ਸਵੇਰੇ 5 ਵਜੇ ਤੋਂ 12 ਵਜੇ ਤੱਕ ਜਾਰੀ ਰਹੇਗੀ ਅਤੇ ਸ਼ਾਮ ਨੂੰ ਫਿਰ 5 ਵਜੇ ਤੋਂ ਰਾਤ 9 ਵਜੇ ਤੱਕ ਹਫਤੇ ਦੇ ਸੱਤਾਂ ਦਿਨਾਂ ਲਈ ਜਾਰੀ ਰਹੇਗੀ। ਫੈਕਟਰੀਆਂ 24 ਘੰਟੇ ਖੁੱਲ੍ਹੀਆਂ ਰਹਿ ਸਕਦੀਆਂ ਹਨ ਅਤੇ ਫੈਕਟਰੀਆਂ ਦੇ ਕਰਮਚਾਰੀਆਂ ਕੋਲ ਕੰਪਨੀ ਵੱਲੋਂ ਦਿੱਤਾ ਗਿਆ ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਕੰਮ ‘ਤੇ ਜਾਣ ਵਾਲੇ ਲੋਕਾਂ ਕੋਲ ਸਫਰ ਕਰਨ ਲਈ ਕਰਫਿਊ ਪਾਸ ਹੋਣਾ ਜ਼ਰੂਰੀ ਹੈ। ਸਾਰੇ ਬੈਂਕ, ਸਰਕਾਰੀ ਦਫਤਰ 50 ਫੀਸਦ ਕਰਮਚਾਰੀਆਂ ਨਾਲ ਖੁੱਲ੍ਹੇ ਰਹਿਣਗੇ ਅਤੇ ਵੀਕੈਂਡ ‘ਤੇ ਸਾਰੇ ਦਫਤਰ ਬੰਦ ਰਹਿਣਗੇ।

ਬਠਿੰਡਾ ‘ਚ ਕੀ ਹੈ ਦੁਕਾਨਾਂ ਖੋਲ੍ਹਣ ਦਾ ਸਮਾਂ

ਬਠਿੰਡਾ ਦੇ ਡੀਸੀ ਬੀ.ਸ਼੍ਰੀਨਿਵਾਸਨ ਨੇ ਜ਼ਿਲ੍ਹੇ ਵਿੱਚ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਹੈ। ਰੋਜ਼ਾਨਾ ਵਰਤੋਂ ਵਾਲੀਆਂ ਦੁਕਾਨਾਂ, ਜਿਵੇਂ ਕਿ ਦੁੱਧ, ਗਰੋਸਰੀ, ਬੇਕਰੀ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਦੁੱਧ ਦੀ ਸਪਲਾਈ ਹਫਤੇ ਦੇ ਸੱਤਾਂ ਦਿਨਾਂ ਲਈ ਜਾਰੀ ਰਹੇਗੀ। ਸਾਰੇ ਬੈਂਕ ਦੁਪਹਿਰ 2 ਵਜੇ ਤੱਕ ਬੰਦ ਹੋ ਜਾਣਗੇ। ਬੈਂਕਾਂ ਵਿੱਚ ਪਬਲਿਕ ਡੀਲਿੰਗ ਕਰਨ ਦੀ 1 ਵਜੇ ਤੱਕ ਇਜਾਜ਼ਤ ਦਿੱਤੀ ਗਈ ਹੈ। ਜ਼ਿਲ੍ਹੇ ਵਿੱਚ ਕਰਫਿਊ ਦੁਪਹਿਰ 3 ਵਜੇ ਤੋਂ ਲਾਗੂ ਹੋ ਜਾਇਆ ਕਰੇਗਾ।

ਮੁਕਤਸਰ ‘ਚ ਵੀ ਖੁੱਲ੍ਹਣਗੀਆਂ ਦੁਕਾਨਾਂ

ਮੁਕਤਸਰ ਦੇ ਡੀਸੀ ਕੁਮਾਰ ਅਰਾਵਿੰਦਾ ਨੇ ਸ਼ਹਿਰ ਵਿੱਚ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਦੁੱਧ, ਫਲ, ਸਬਜ਼ੀਆਂ ਦੀ ਸਪਲਾਈ ਹਫਤੇ ਦੇ ਸੱਤਾਂ ਦਿਨਾਂ ਲਈ ਲਾਗੂ ਰਹੇਗੀ। ਜ਼ਰੂਰੀ ਦੁਕਾਨਾਂ ਜਿਵੇਂ ਕੈਮਿਸਟ, ਸਕੈਨ ਸੈਂਟਰ, ਮੈਡੀਕਲ ਲੈਬ 24 ਘੰਟੇ ਖੁੱਲ੍ਹੀਆਂ ਰਹਿਣਗੀਆਂ।

ਸੰਗਰੂਰ ‘ਚ ਵੱਖ-ਵੱਖ ਸਮੇਂ ਖੁੱਲ੍ਹਣਗੀਆਂ ਦੁਕਾਨਾਂ

ਸੰਗਰੂਰ ਦੇ ਡੀਸੀ ਰਾਮਵੀਰ ਨੇ ਵੱਖ-ਵੱਖ ਸਲੋਟਾਂ ਵਿੱਚ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਹੈ। ਰੋਜ਼ਾਨਾ ਜ਼ਰੂਰਤ ਵਾਲੀਆਂ ਦੁਕਾਨਾਂ ਜਿਵੇਂ ਦੁੱਧ, ਆਂਡੇ, ਬੇਕਰੀ, ਕਰਿਆਨੇ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਗੈਰ ਜ਼ਰੂਰੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਦੁੱਧ, ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਸਬਜ਼ੀ ਮੰਡੀ, ਫਲਾਂ ਦੀਆਂ ਮੰਡੀਆਂ ਸਵੇਰੇ 10 ਵਜੇ ਬੰਦ ਕੀਤੀਆਂ ਜਾਣਗੀਆਂ।

ਕਪੂਰਥਲਾ ‘ਚ ਵੀ ਬਦਲਿਆਂ ਦੁਕਾਨਾਂ ਖੋਲ੍ਹਣ ਦਾ ਸਮਾਂ

ਕਪੂਰਥਲਾ ਦੇ ਡੀਸੀ ਦੀਪਤੀ ਉੱਪਲ ਨੇ ਦੁੱਧ, ਬ੍ਰੈੱਡ, ਕਰਿਆਣਾ, ਸਬਜ਼ੀ ਮੰਡੀ, ਫਲਾਂ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਦੁਪਹਿਰ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਹਨ ਅਤੇ ਹੋਰ ਸਾਰੀਆਂ ਦੁਕਾਨਾਂ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਦਵਾਈ ਦੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰਹਿਣਗੀਆਂ। ਹੋਮ ਡਿਲਿਵਰੀ ਦੀ ਰਾਤ 8 ਵਜੇ ਤੱਕ ਇਜਾਜ਼ਤ ਹੈ।

ਮਾਨਸਾ ‘ਚ ਵੀ ਨਵੇਂ ਸਮੇਂ ਮੁਤਾਬਕ ਖੁੱਲ੍ਹਣਗੀਆਂ ਦੁਕਾਨਾਂ

ਮਾਨਸਾ ਦੇ ਡੀਸੀ ਮਹਿੰਦਰਪਾਲ ਨੇ ਕਰਿਆਨਾ, ਡੇਅਰੀ, ਬੇਕਰੀ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਹਨ। ਬਾਕੀ ਦੂਜੀਆਂ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਦਵਾਈਆਂ ਦੀਆਂ ਦੁਕਾਨਾਂ, ਪੈਟਰੋਲ, ਡੀਜ਼ਲ ਪੰਪ, ਸਿਹਤ ਸੰਭਾਲ ਨਾਲ ਜੁੜੀਆਂ ਜ਼ਰੂਰੀ ਸੇਵਾਵਂ ਵਾਲੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰਹਿਣਗੀਆਂ।

ਫਿਰੋਜ਼ਪੁਰ ‘ਚ ਫਿਲਹਾਲ ਨਵੇਂ ਹੁਕਮ ਨਹੀਂ ਹੋਏ ਜਾਰੀ

ਬੀਓਪਰ ਮੰਡਲ (Beopar Mandal) ਦੇ ਨੁਮਾਇੰਦਿਆਂ ਨੇ ਸ਼ੁੱਕਰਵਾਰ ਨੂੰ ਡੀ.ਸੀ. ਨਾਲ ਮੁਲਾਕਾਤ ਕਰਕੇ ਸਾਰੀਆਂ ਤਰ੍ਹਾਂ ਦੀਆਂ ਦੁਕਾਨਾਂ ਨੂੰ ਘੱਟੋ-ਘੱਟ ਅੱਧੇ ਦਿਨ ਲਈ ਖੋਲ੍ਹਣ ਦੀ ਆਗਿਆ ਦੇਣ ਦੀ ਮੰਗ ਕੀਤੀ। ਹਾਲਾਂਕਿ, ਅਜੇ ਤੱਕ ਕੋਈ ਨਵੇਂ ਹੁਕਮ ਜਾਰੀ ਨਹੀਂ ਕੀਤੇ ਗਏ ਹਨ ਪਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਸ਼ਨੀਵਾਰ ਨੂੰ ਨਵੇਂ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਹੁਣ ਤੱਕ ਗੈਰ-ਜ਼ਰੂਰੀ ਦੁਕਾਨਾਂ ਬੰਦ ਕਰਨ ਅਤੇ ਜ਼ਰੂਰੀ ਉਤਪਾਦਾਂ ਦੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਪਿਛਲੇ ਹੁਕਮ ਹੀ ਲਾਗੂ ਹਨ।

ਫਾਜ਼ਿਲਕਾ ‘ਚ ਵੀ ਪਹਿਲੇ ਵਾਲੇ ਹੁਕਮ ਹੀ ਰਹਿਣਗੇ ਜਾਰੀ

ਸਾਰੀਆਂ ਗ਼ੈਰ-ਜ਼ਰੂਰੀ ਦੁਕਾਨਾਂ ਬੰਦ ਕਰਨ ਅਤੇ ਜ਼ਰੂਰੀ ਦੁਕਾਨਾਂ ਖੋਲ੍ਹਣ ਵਾਲੇ ਸਾਰੇ ਪਿਛਲੇ ਹੁਕਮ 15 ਮਈ ਤੱਕ ਲਾਗੂ ਹਨ। ਦੁਕਾਨਦਾਰਾਂ ਨੇ ਕਿਹਾ ਹੈ ਕਿ ਉਹ ਸੋਮਵਾਰ ਤੋਂ ਬਾਅਦ ਦੁਕਾਨਾਂ ਖੋਲ੍ਹਣਗੇ।

ਫਰੀਦਕੋਟ ‘ਚ ਵੀ ਜਾਰੀ ਰਹਿਣਗੇ ਪਹਿਲਾਂ ਵਾਲੇ ਹੁਕਮ

ਫਰੀਦਕੋਟ ਵਿੱਚ ਜ਼ਰੂਰੀ ਸੇਵਾਵਾਂ ਲਈ ਦੁਕਾਨਾਂ ਖੋਲ੍ਹਣ ਅਤੇ ਗ਼ੈਰ-ਜ਼ਰੂਰੀ ਉਤਪਾਦਾਂ ਨੂੰ ਬੰਦ ਕਰਨ ਦੇ ਪਿਛਲੇ ਹੁਕਮ ਅਜੇ ਤੱਕ ਲਾਗੂ ਹਨ।

ਦੁਕਾਨਦਾਰ ਫੈਸਲੇ ਤੋਂ ਨਹੀਂ ਹਨ ਖੁਸ਼

ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹਣ ਦੇ ਸਮੇਂ ‘ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਤੋਂ ਬਿਲਕੁਲ ਖੁਸ਼ ਨਹੀਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਕੋਈ ਗਾਹਕ ਨਹੀਂ ਆਉਂਦਾ ਹੈ। ਹਰ ਕੋਈ ਆਪਣੇ ਘਰਾਂ ਤੋਂ 11 ਜਾਂ 12 ਵਜੇ ਤੱਕ ਬਾਹਰ ਨਿਕਲਦਾ ਹੈ, ਦੁਪਹਿਰ ਨੂੰ ਤਾਂ ਕੋਈ ਗਾਹਕ ਹੀ ਨਹੀਂ ਆਉਂਦਾ।

ਸ਼ਾਮੀਂ 4 ਵਜੇ ਤੋਂ ਲੈ ਕੇ 7 ਵਜੇ ਤੱਕ ਮਾਰਕਿਟਿੰਗ ਦਾ ਸਮਾਂ ਹੁੰਦਾ ਹੈ, ਜੋ ਕਿ ਸਾਡਾ ਖਤਮ ਹੋ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣਾ ਪ੍ਰਸ਼ਾਸਨ ਵੱਲੋਂ ਖਾਨਾਪੂਰਤੀ ਹੀ ਹੈ। ਇਸ ਤੋਂ ਚੰਗਾ ਤਾਂ ਇਹ ਸੀ ਕਿ ਸਰਕਾਰ ਇੱਕ ਹਫਤੇ ਲਈ ਸੰਪੂਰਨ ਲਾਕਡਾਊਨ ਹੀ ਲਾ ਦਿੰਦੀ, ਇਹ ਫੈਸਲਾ ਦੇ ਕੇ ਤਾਂ ਸਰਕਾਰ ਨੇ ਦੁਕਾਨਦਾਰਾਂ ਨੂੰ ਖੱਜਲ-ਖੁਆਰ ਹੀ ਕੀਤਾ ਹੈ।