Punjab

ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਸਭ ਤੋਂ ਵੱਧ ਧਨੀ ਉਮੀਦਵਾਰ

ਕਮਲਜੀਤ ਸਿੰਘ ਬਨਵੈਤ

ਦ ਖ਼ਾਲਸ ਬਿਊਰੋ : ਸੰਗਰੂਰ ਲੋਕ ਸਭਾ ਚੋਣ ਹਲਕੇ ਦੇ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਸਭ ਤੋਂ ਅਮੀਰ ਹਨ। ਪਰ ਦੋ ਕਰੋੜ ਤੋਂ ਉੱਪਰ ਦੀ ਜਾਇਦਾਦ ਦੇ ਮਾਲਿਕ ਕੇਵਲ ਸਿੰਘ ਢਿੱਲੋਂ ਕੋਲ ਕੋਈ ਆਪਣੀ ਕਾਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਉਮੀਦਵਾਰ ਬੀਬੀ ਕਮਲਦੀਪ ਕੌਰ ਸਭ ਤੋਂ ਘੱਟ ਧਨ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਇੱਕੋ ਇੱਕ ਉਮੀਦਵਾਰ ਹਨ ਜਿਨ੍ਹਾਂ ਨੇ ਤਿੰਨ ਕਰੋੜ ਦਾ ਘਾਟਾ ਦਿਖਾਇਆ ਹੈ ਅਤੇ ਉਨ੍ਹਾਂ ਦੀ ਸਿਆਸਤ ਕਮਾਈ ਦਾ ਧੰਦਾ ਨਹੀਂ। ਚੋਣ ਨਾਮਜ਼ਦਗੀਆਂ ਦੇ ਆਖਰੀ ਦਿਨ ਕੁੱਲ 21 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ ਸਨ ਪਰ ਪ੍ਰਮੁੱਖ ਤੌਰ ਉੱਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਕਾਂਗਰਸ ਪਾਰਟੀ ਦੇ ਦਲਬੀਰ ਸਿੰਘ ਗੋਲਡੀ, ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਦੇ ਦਰਮਿਆਨ ਲੜਾਈ ਬਣਦੀ ਦਿਸਦੀ ਹੈ। ਇਨ੍ਹਾਂ ਪੰਜਾਂ ਵਿੱਚੋਂ ਦੋ ਉਮੀਦਵਾਰ ਪੋਸਟ ਗ੍ਰੈਜੂਏਟ ਅਤੇ ਦੋ ਬੀਏ ਪਾਸ ਹਨ। ਕੇਵਲ ਸਿੰਘ ਢਿੱਲੋਂ ਸਭ ਤੋਂ ਵੱਡੀ ਉਮਰ ਦੇ ਅਤੇ ਦਲਬੀਰ ਸਿੰਘ ਗੋਲਡੀ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਹਨ।

ਚੋਣ ਨਾਮਜ਼ਦਗੀਆਂ ਦਾਖਲ ਕਰਨ ਵੇਲੇ ਚੋਣ ਅਫ਼ਸਰ ਨੂੰ ਦਿੱਤੇ ਹਲਫੀਆ ਬਿਆਨ ਵਿੱਚ ਪਤਾ ਲੱਗਾ ਹੈ ਕਿ ਕੇਵਲ ਸਿੰਘ ਢਿੱਲੋਂ ਕੋਲ 132 ਕਰੋੜ 98 ਲੱਖ ਰੁਪਏ ਦੀ ਜਾਇਦਾਦ ਹੈ। ਇਹਦੇ ਵਿੱਚੋਂ 26.28 ਲੱਖ ਚੱਲ ਅਤੇ 30 ਲੱਖ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਦੀ ਪਤਨੀ 76.6 ਕਰੋੜ ਦੀ ਵੱਖਰੇ ਤੌਰ ਉੱਤੇ ਮਾਲਕਣ ਹੈ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਨੇ ਆਪਣੀ ਕੁੱਲ ਜਾਇਦਾਦ 1.30 ਕਰੋੜ ਦੱਸੀ ਹੈ ਜਿਸ ਵਿੱਚੋਂ ਚੱਲ ਜਾਇਦਾਦ 9.16 ਲੱਖ ਅਤੇ ਅਚੱਲ ਜਾਇਦਾਦ 5.22 ਲੱਖ ਦੱਸੀ ਹੈ। ਉਨ੍ਹਾਂ ਦੀ ਪਤਨੀ ਦੇ ਖਾਤੇ ਵਿੱਚ 1.22 ਕਰੋੜ ਦੱਸੇ ਗਏ ਹਨ। ਘਰਾਚੋਂ ਕੋਲ ਵੀ ਆਪਣੀ ਕਾਰ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਕੋਲ ਕੁੱਝ ਜਾਇਦਾਦ 8.37 ਕਰੋੜ ਦੀ ਹੈ। ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ 3 ਕਰੋੜ ਦਾ ਘਾਟਾ ਦਿਖਾਇਆ ਹੈ ਪਰ ਉਹ ਦੋ ਵੱਡੀਆਂ ਕਾਰਾਂ ਦੇ ਮਾਲਕ ਹਨ।

ਕਾਂਗਰਸ ਪਾਰਟੀ ਦੇ ਦਲਬੀਰ ਸਿੰਘ ਗੋਲਡੀ 84.48 ਲੱਖ ਜਾਇਦਾਦ ਦੇ ਮਾਲਿਕ ਹਨ। ਉਨ੍ਹਾਂ ਦੀ ਚੱਲ ਜਾਇਦਾਦ 5.98 ਲੱਖ ਅਤੇ ਅਚੱਲ 17.50 ਲੱਖ ਦੀ ਹੈ। ਉਨ੍ਹਾਂ ਦੀ ਪਤਨੀ ਦੇ ਖਾਤੇ ਵਿੱਚ 6.01 ਲੱਖ ਦੱਸੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਬੀਬੀ ਕਮਲਜੀਤ ਕੌਰ ਦੇ ਨਾਂ 36.39 ਲੱਖ ਦੀ ਜਾਇਦਾਦ ਹੈ ਜਿਹਦੇ ਵਿੱਚੋਂ 4.65 ਲੱਖ ਦੀ ਚੱਲ ਅਤੇ 31.5 ਲੱਖ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਦੇ ਪਤੀ ਦੇ ਬੈਂਕ ਖਾਤੇ ਵਿੱਚ 44.644 ਰੁਪਏ ਹਨ।

ਸੰਗਰੂਰ ਵਿਧਾਨ ਸਭਾ ਹਲਕੇ ਲਈ ਵੋਟਾਂ 23 ਜੂਨ ਨੂੰ ਪੈਣਗੀਆਂ ਅਤੇ ਨਤੀਜੇ ਦਾ ਐਲਾਨ 26 ਜੂਨ ਨੂੰ ਹੋਵੇਗਾ। ਇਹ ਸੀਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫ਼ਾ ਦੇਣ ਨਾਲ ਖਾਲੀ ਹੋਈ ਹੈ। ਉਹ ਇੱਥੋਂ 2014 ਅਤੇ 2019 ਵਿੱਚ ਲਗਾਤਾਰ ਦੋ ਵਾਰ ਚੋਣ ਜਿੱਤੇ ਸਨ। ਉਨ੍ਹਾਂ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਅਤੇ ਮਰਹੂਮ ਸੁਰਜੀਤ ਸਿੰਘ ਬਰਨਾਲਾ ਵੀ ਚੋਣ ਜਿੱਤਦੇ ਰਹੇ ਹਨ। ਸਿਮਰਨਜੀਤ ਸਿੰਘ ਮਾਨ ਵੀ ਇੱਕ ਵਾਰ ਇੱਥੋਂ ਚੋਣ ਜਿੱਤ ਚੁੱਕੇ ਹਨ। ਲੋਕ ਸਭਾ ਹਲਕਾ ਸੰਗਰੂਰ ਵਿੱਚ 9 ਹਲਕੇ ਪੈਂਦੇ ਹਨ ਅਤੇ ਧੂਰੀ ਹਲਕੇ ਤੋਂ ਭਗਵੰਤ ਸਿੰਘ ਮਾਨ ਨੇ ਦਲਬੀਰ ਸਿੰਘ ਗੋਲਡੀ ਨੂੰ ਹਰਾਇਆ ਸੀ।

‘ਦ ਖ਼ਾਲਸ ਟੀਵੀ ਦੇ ਉੱਚ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਆਮ ਆਦਮੀ ਪਾਰਟੀ ਨੇ ਸੰਗਰੂਰ ਦੀ ਚੋਣ ਜਿੱਤਣ ਦੀ ਪੂਰੀ ਠਾਣ ਲਈ ਹੈ। ਆਪ ਦੀ ਹਾਈਕਮਾਂਡ ਵੱਲੋ ਸੰਗਰੂਰ ਜ਼ਿਲ੍ਹੇ ਦੇ 9 ਵਿਧਾਇਕਾਂ ਨੂੰ ਵਿਧਾਨ ਸਭਾ ਨਾਲੋਂ ਵੱਧ ਲੀਡ ਦੇਣ ਦੀ ਜ਼ਿੰਮੇਵਾਰੀ ਸਖਤੀ ਨਾਲ ਦੇ ਦਿੱਤੀ ਗਈ ਹੈ। ਜੇ ਆਪ ਆਪਣੀ ਰਣਨੀਤੀ ਪੁਗਾਉਣ ਵਿੱਚ ਸਫ਼ਲ ਹੋ ਗਈ ਤਾਂ ਇਸ ਵਾਰ ਜਿੱਤ ਦਾ ਮਾਰਜ਼ਿਨ ਸਾਢੇ ਤਿੰਨ ਲੱਖ ਨੂੰ ਟੱਪ ਸਕਦਾ ਹੈ। ਵਿਧਾਨ ਸਭਾ ਹਲਕਾ ਸੁਨਾਮ ਤੋਂ ਅਮਨ ਅਰੋੜਾ ਸੂਬੇ ਭਰ ਵਿੱਚੋਂ ਸਭ ਤੋਂ ਵੱਧ 75 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਸਿੱਖਿਆ ਮੰਤਰੀ ਮੀਤ ਹੇਅਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਵਿਰੋਧੀਆਂ ਨੂੰ 50 ਹਜ਼ਾਰ ਦੇ ਅੰਤਰ ਨਾਲ ਪਛਾੜਿਆ ਸੀ। ਸਾਬਕਾ ਸਿੱਖਿਆ ਮੰਤਰੀ ਨੂੰ ਹਾਰ ਦੇਣ ਵਾਲੀ ਨਰਿੰਦਰ ਕੌਰ ਭਰਾਜ ਸਮੇਤ ਕਿਸੇ ਵੀ ਉਮੀਦਵਾਰ ਦੀ ਲੀਡ 20 ਹਜ਼ਾਰ ਤੋਂ ਘੱਟ ਨਹੀਂ ਸੀ।