Punjab

ਪੰਜਾਬ : ਫੈਕਟਰੀਆਂ ‘ਚ 12 ਘੰਟੇ ਤੈਅ ਕਰਨ ਦੇ ਫਰਮਾਨ ਤੋਂ ਬਾਅਦ ਹੁਣ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਨਵਾਂ ਹੁਕਮ !

ਬਿਉਰੋ ਰਿਪੋਰਟ : ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਫੈਕਟਰੀ ਵਿੱਚ ਕੰਮ-ਕਾਜ ਦੇ 12 ਘੰਟ ਕਰਨ ਦੇ ਲਿਖਿਅਤ ਫੈਸਲੇ ਵਿੱਚ ਸੁਧਾਰ ਕੀਤਾ ਹੈ । ਮਹਿਕਮੇ ਨੇ ਸਪਸ਼ਟ ਕੀਤਾ ਹੈ ਕਿ ਕੰਮ ਦੇ ਘੰਟਿਆਂ ਸਬੰਧੀ ਫੈਕਟਰੀਜ਼ ਐਕਟ 1948 ਅਨੁਸਾਰ ਬੀਤੇ ਦਿਨੀਂ ਜ਼ਾਰੀ ਪੱਤਰ ਦੀ ਗਲਤ ਵਿਆਖਿਆ ਕੀਤੀ ਗਈ ਸੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਸਾਫ ਕੀਤਾ ਕਿ ਫੈਕਟਰੀਜ਼ ਐਕਟ 1948 ਦੇ ਸੈਕਸ਼ਨ ਅਨੁਸਾਰ ਕੰਮ ਵਾਲੇ ਘੰਟਿਆਂ ਦੀ ਗਿਣਤੀ ਪਹਿਲਾਂ ਵਾਂਗ 8 ਘੰਟੇ ਹੀ ਹੈ । ਜਿਸ ਵਿੱਚ ਆਰਾਮ ਦਾ ਸਮਾਂ ਦਾ ਸ਼ਾਮਲ ਨਹੀਂ ਹੈ।

ਬੁਲਾਰੇ ਨੇ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਐਕਟ ਅਨੁਸਾਰ ਕਿਸੇ ਵੀ ਬਾਲਗ ਕਾਮੇ ਤੋਂ 48 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ । ਜੇਕਰ ਕਿਸੇ ਕਾਮੇ ਦੇ ਕੰਮ ਵਾਲੇ ਘੰਟਿਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਾਲਗ ਕਾਮੇ ਨੂੰ ਫੈਕਟਰੀਜ਼ ਐਕਟ 1948 ਦੇ ਸੈਕਸ਼ਨ 59 ਅਨੁਸਾਰ ਓਵਰਟਾਈਮ ਦੇਣਾ ਜਰੂਰੀ ਹੈ। ਫੈਕਟਰੀ ਵਿੱਚ ਕੰਮ ਕਰਨ ਵਾਲਾ ਵਰਕਰ ਜੇ ਇੱਕ ਕੰਮਕਾਜੀ ਦਿਨ ਦੌਰਾਨ 9 ਘੰਟੇ ਤੋਂ ਵੱਧ ਕੰਮ ਕਰਦਾ ਹੈ ਅਤੇ ਹਫ਼ਤੇ ਵਿੱਚ 48 ਘੰਟੇ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਦਿਹਾੜੀ ਤੋਂ ਦੋ ਗੁਣਾਂ ਤਨਖਾਹ ਦੇਣੀ ਲਾਜ਼ਮੀ ਹੈ ।

ਬੁਲਾਰੇ ਨੇ ਅੱਗੇ ਇਹ ਵੀ ਸਪਸ਼ਟ ਕੀਤਾ ਕਿ ਫੈਕਟਰੀ ਐਕਟਸ ਅਤੇ ਰੂਲਜ਼ ਅਨੁਸਾਰ ਕਿਸੇ ਵੀ ਵਰਕਰ ਨੂੰ ਲਗਾਤਾਰ 7 ਦਿਨ ਤੋਂ ਵਧ ਓਵਰਟਾਈਮ ਨਹੀਂ ਕਰ ਸਕਦਾ । ਇਸਦੇ ਨਾਲ ਹੀ ਇੱਕ ਹਫਤੇ ਵਿੱਚ ਕਿਸੇ ਵੀ ਵਰਕਰ ਦੇ ਕੰਮਕਾਜੀ ਘੰਟੇ 60 ਤੋਂ ਵਧ ਨਹੀਂ ਹੋ ਸਕਦੇ ਅਤੇ ਨਾ ਹੀ ਇੱਕ ਪੰਦਰਵਾੜੇ ਵਿੱਚ ਕਿਸੇ ਵਰਕਰ ਦੇ ਕੰਮਕਾਜੀ ਘੰਟੇ 115 ਤੋਂ ਵੱਧ ਹੋ ਸਕਦੇ ਹਨ।