‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਦੌਰਾਨ ਕੱਲ੍ਹ ਤੋਂ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ NEET ਦੀ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋਵੇਗੀ। JEE ਦੀ ਪ੍ਰੀਖਿਆ ਸਬੰਧੀ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਦੋ-ਦੋ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਵੇਗੀ ਇੱਕ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਦੂਸਰੀ ਸ਼ਿਫਟ 3 ਤੋਂ 6 ਵਜੇ ਤੱਕ ਹੋਵੇਗੀ।
ਇਸੇ ਦੇ ਚੱਲਦਿਆਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਕਰਕੇ JEE ਮੇਨ ਦੀਆਂ ਦੋ ਸ਼ਿਫਟਾਂ ਵਿੱਚ ਹੋਈ ਪ੍ਰੀਖਿਆ ਵਿੱਚ ਲਗਪਗ 50 ਫੀਸਦ ਵਿਦਿਆਰਥੀ ਹੀ ਪ੍ਰੀਖਿਆ ਦੇਣ ਵਾਸਤੇ ਪੁੱਜੇ। ਇਸ ਪ੍ਰੀਖਿਆ ਵਾਸਤੇ 209 ਵਿਦਿਆਰਥੀਆਂ ਨੂੰ ਰੋਲ ਨੰਬਰ ਭੇਜੇ ਗਏ ਸਨ ਪਰ ਸਿਰਫ 107 ਵਿਦਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ। ਪਹਿਲੀ ਸ਼ਿਫਟ ਵਿੱਚ 83 ਵਿਚੋਂ 46 ਅਤੇ ਦੂਜੀ ਸ਼ਿਫਟ ਵਿੱਚ 126 ਵਿੱਚੋਂ 61 ਵਿਦਿਆਰਥੀ ਹਾਜ਼ਰ ਹੋਏ।
ਘੱਟ ਗਿਣਤੀ ਦਾ ਵੱਡਾ ਕਾਰਨ ਕੋਰੋਨਾਵਾਇਰਸ ਦਾ ਡਰ ਸੀ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਪ੍ਰਬੰਧਾਂ ਨੂੰ ਲੈ ਕੇ ਫਿਕਰਮੰਦ ਸਨ। ਕੁੱਝ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰੀਖਿਆ ਹਾਲ ਵਿੱਚ ਗਰਮੀ ਕਾਰਨ ਵਾਰ-ਵਾਰ ਮਾਸਕ ਹਟਾਉਣਾ ਪਿਆ ਅਤੇ ਕਈ ਵਿਦਿਆਰਥੀਆਂ ਨੇ ਤਾਂ ਮਾਸਕ ਉਤਾਰ ਹੀ ਦਿੱਤੇ ਸਨ। ਮਾਪਿਆਂ ਨੇ ਦੂਰੋਂ ਆਉਣ-ਜਾਣ ਵਾਸਤੇ ਆਵਾਜਾਈ ਪ੍ਰਬੰਧ ਨਾ ਹੋਣ ’ਤੇ ਵੀ ਇਤਰਾਜ਼ ਕੀਤਾ।