International

ਰਾਜਧਾਨੀ ਕੀਵ ਦੇ ਸਕੂਲਾਂ ‘ਚ ਹੋਵੋਗੀ ਆਨਲਾਈਨ ਪੜਾਈ

ਦ ਖ਼ਾਲਸ ਬਿਊਰੋ : ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਅੱਜ ਤੋਂ ਆਨਲਾਈਨ ਸਕੂਲ ਸ਼ੁਰੂ ਹੋ ਰਹੇ ਹਨ। ਇਹ ਐਲਾਨ ਕੀਵ ਦੇ ਮੇਅਰ ਨੇ ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਸਿੱਖਿਆ ਦੇ ਤਰੀਕਿਆਂ ਨੂੰ ਬਦਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰੂਸ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜਿਹਾ ਨਹੀਂ ਹੋਵੇਗਾ। ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਤੋਂ ਬਾਅਦ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸੰਯੁਕਤ ਰਾਸ਼ਟਰ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਅੱਧੇ ਤੋਂ ਵੱਧ ਬੱਚੇ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

ਦੂਜੇ ਪਾਸੇ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਕਿਹਾ ਹੈ ਕਿ ਘੇਰਾ ਬੰਦੀ ਵਾਲੇ ਸ਼ਹਿਰਾਂ ਤੋਂ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੋਈ ਯੋਜਨਾ ਨਹੀਂ ਹੈ। ਇਰੀਨਾ ਵੇਰੇਸ਼ਚੁਕ ਮੁਤਾਬਕ ਇਹ ਫ਼ੈਸਲਾ ਖ਼ੁਫ਼ੀਆ ਰਿਪੋਰਟਾਂ ਦੇ ਕਾਰਨ ਲਿਆ ਗਿਆ ਹੈ ਕਿਉਂਕਿ ਰਸਤਿਆਂ ਦੇ ਨਾਲ ਸੰਭਾਵਿਤ ਰੂਸੀ “ਕਾਰਵਾਈ” ਦੀ ਚੇਤਾਵਨੀ ਦਿੱਤੀ ਗਈ ਸੀ। ਮਾਰੀਓਪੋਲ, ਸੁਮੀ ਅਤੇ ਰਾਜਧਾਨੀ ਕੀਵ ਦੇ ਬਾਹਰਲੇ ਕਸਬਿਆਂ ਅਤੇ ਪਿੰਡਾਂ ਤੋਂ ਸੁਰੱਖਿਅਤ ਗਲਿਆਰੇ ਬਣਾਏ ਗਏ ਹਨ ਜੋ ਵਰਤਮਾਨ ਵਿੱਚ ਰੂਸੀ ਫੌਜਾਂ ਦੁਆਰਾ ਘਿਰੇ ਹੋਏ ਹਨ।