India

ਸਕੂਟੀ ’ਤੇ ਲਿਜਾ ਰਹੇ ਸੀ ‘ਗੰਢਾ ਬੰਬ’ ਦਾ ਬੋਰਾ; ਰਸਤੇ ’ਚ ਲੱਗੀ ਅੱਗ, 1 ਦੀ ਮੌਤ, 6 ਜ਼ਖ਼ਮੀ

ਬਿਉਰੋ ਰਿਪੋਰਟ: ਆਂਧਰਾ ਪ੍ਰਦੇਸ਼ ਦੇ ਏਲੁਰੂ ਜ਼ਿਲ੍ਹੇ ਵਿੱਚ ਪਟਾਕਿਆਂ ਨਾਲ ਸਬੰਧਿਤ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਦੋ ਵਿਅਕਤੀ ਦੋਪਹੀਆ ਵਾਹਨ ’ਤੇ ‘ਗੰਢਾ ਬੰਬ’ ਦਾ ਬੋਰਾ ਲੈ ਕੇ ਜਾ ਰਿਹਾ ਸੀ ਕਿ ਟੋਏ ਕਾਰਨ ਸਕੂਟਰ ਹਾਦਸਾਗ੍ਰਸਤ ਹੋ ਗਈ। ਗੰਢਾ ਬੰਬ ਦਾ ਡੱਬਾ ਸਕੂਟਰ ਤੋਂ ਡਿੱਗਿਆ ਅਤੇ ਜ਼ਬਰਦਸਤ ਧਮਾਕਾ ਹੋਇਆ। ਰਿਪੋਰਟਾਂ ਮੁਤਾਬਕ ਪਟਾਕਿਆਂ ਨਾਲ ਭਰੇ ਇੱਕ ਡੱਬੇ ਵਿੱਚ ਧਮਾਕਾ ਆਈਈਡੀ ਜਿੰਨਾ ਜ਼ੋਰਦਾਰ ਸੀ।

ਹਾਦਸੇ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਚਿੱਟੇ ਰੰਗ ਦੀ ਸਕੂਟੀ ’ਤੇ ਸਵਾਰ ਦੋ ਵਿਅਕਤੀ ਤੰਗ ਗਲੀ ਵਿੱਚੋਂ ਤੇਜ਼ ਰਫ਼ਤਾਰ ਨਾਲ ਜਾ ਰਹੇ ਹਨ। ਸਮਾਂ 12.17 ਵਜੇ ਦਾ ਸੀ। ਗਲੀ ਹੋਰ ਚੌੜੀ ਹੋ ਕੇ ਮੇਨ ਰੋਡ ਨਾਲ ਜੁੜ ਜਾਂਦੀ ਹੈ, ਜਦੋਂ ਸਕੂਟੀ ਉੱਥੇ ਪਹੁੰਚਦੀ ਹੈ ਤਾਂ ਅਚਾਨਕ ਧਮਾਕਾ ਹੋ ਜਾਂਦਾ ਹੈ। ਉੱਥੇ 5-6 ਲੋਕਾਂ ਦਾ ਟੋਲਾ ਖੜਾ ਸੀ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਇਲਾਕਾ ਧੂੰਏਂ ਨਾਲ ਢੱਕਿਆ ਗਿਆ ਅਤੇ ਹਰ ਪਾਸੇ ਕਾਗਜ਼ ਦੇ ਟੁਕੜੇ ਉੱਡਣ ਲੱਗੇ। ਜਿਵੇਂ ਹੀ ਧੂੰਆਂ ਸਾਫ਼ ਹੋਇਆ ਤਾਂ ਦੋ ਵਿਅਕਤੀ ਕਿਸੇ ਤਰ੍ਹਾਂ ਧਮਾਕੇ ਤੋਂ ਬਚ ਕੇ ਸੁਰੱਖਿਅਤ ਥਾਂ ਵੱਲ ਭੱਜੇ। ਫੁਟੇਜ ’ਚ ਸਕੂਟੀ ਅਤੇ ਲਾਸ਼ ਦੇ ਕੁਝ ਟੁਕੜੇ ਦੂਰ ਤੱਕ ਖਿੱਲਰੇ ਦੇਖੇ ਜਾ ਸਕਦੇ ਹਨ।

ਇਸ ਹਾਦਸੇ ’ਚ ਜ਼ਖ਼ਮੀ 6 ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।