India

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਇੱਕ ਅੱਤਵਾਦੀ ਢੇਰ, ਕਾਰਵਾਈ ਜਾਰੀ

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਵਿੱਚ ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਸਪੈਸ਼ਲ ਆਪ੍ਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ‘ਤੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋਇਆ।

ਇਹ ਆਪ੍ਰੇਸ਼ਨ ਦੂਜੇ ਦਿਨ ਵੀ ਜਾਰੀ ਹੈ, ਪਰ ਅੱਤਵਾਦੀਆਂ ਦੀ ਸਹੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਸੂਤਰਾਂ ਅਨੁਸਾਰ, ਲੁਕੇ ਹੋਏ ਅੱਤਵਾਦੀ ਪੀਏਐਫਐਫ (ਪੀਪਲਜ਼ ਐਂਟੀ-ਫਾਸਿਸਟ ਫਰੰਟ) ਨਾਲ ਸਬੰਧਤ ਹਨ।ਇਲਾਕੇ ਵਿੱਚ ਹੋਰ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਹ ਕੁਲਗਾਮ ਵਿੱਚ ਇਸ ਹਫ਼ਤੇ ਤੀਜੀ ਮੁੱਠਭੇੜ ਹੈ।

ਇਸ ਤੋਂ ਪਹਿਲਾਂ, 28 ਜੁਲਾਈ ਨੂੰ ਆਪ੍ਰੇਸ਼ਨ ਮਹਾਦੇਵ ਅਧੀਨ ਪਹਿਲਗਾਮ ਹਮਲੇ ਵਿੱਚ ਸ਼ਾਮਲ ਤਿੰਨ ਅੱਤਵਾਦੀ ਮਾਰੇ ਗਏ ਸਨ, ਅਤੇ 31 ਜੁਲਾਈ ਨੂੰ ਪੁਣਛ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ। ਸੁਰੱਖਿਆ ਬਲਾਂ ਦੀ ਇਹ ਕਾਰਵਾਈ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਰੋਕਣ ਦੀਆਂ ਸਰਗਰਮ ਕੋਸ਼ਿਸ਼ਾਂ ਦਾ ਹਿੱਸਾ ਹੈ।