‘ਦ ਖ਼ਾਲਸ ਬਿਊਰੋ :- 15 ਸਾਲ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਬਰਨਾਲਾ ਨੇੜੇ ਪਿੰਡ ਕਾਲੇਕੇ ਵਿੱਚ ਦੋ ਧਿਰਾਂ ਵਿਚਾਲੇ ਹੋਇਆ। ਦੱਸਣਯੋਗ ਹੈ ਕਿ ਇਹ ਘਟਨਾ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਦੋਵੇਂ ਜ਼ਖ਼ਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਜ਼ਮੀਨ ’ਤੇ ਉਹ ਪਿਛਲੇ 15 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ। ਉਸ ’ਤੇ ਅੱਜ ਦੂਜੀ ਧਿਰ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਨੂੰ ਰੋਕਣ ’ਤੇ ਮੁਲਜ਼ਮਾਂ ਨੇ ਗੋਲੀ ਚਲਾ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਕੀਰਤਨ ਸਿੰਘ ਅਤੇ ਜ਼ਖ਼ਮੀ ਹੋਏ ਵਿਅਕਤੀ ਜਸਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਸਾਲ ਪਹਿਲਾਂ ਇਸ ਧਿਰ ਨਾਲ ਜ਼ਮੀਨ ਤਬਾਦਲਾ ਕੀਤਾ ਸੀ। ਜਿਸ ’ਤੇ ਉਹ ਪਿਛਲੇ 15 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ। ਮੁਲਜ਼ਮਾਂ ਵਲੋਂ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀਆਂ ਨੇ ਉਨ੍ਹਾਂ ’ਤੇ ਫ਼ਾਇਰਿੰਗ ਕਰ ਦਿੱਤੀ। ਜਿਸ ਨਾਲ ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ, ਜਦੋਂਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਪੂਰੇ ਮਾਮਲੇ ਵਿੱਚ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਉਧਰ, ਇਸ ਮਾਮਲੇ ਸਬੰਧੀ ਬਰਨਾਲਾ ਦੇ ਐਸਪੀ.ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤਾਂ ਦੇ ਨਾਲ ਜ਼ਮੀਨ ਦਾ ਤਬਾਦਲਾ ਕੀਤਾ ਸੀ। ਪਰ ਹੁਣ ਜ਼ਮੀਨ ਦੇ ਰੇਟ ਵਧਣ ਕਾਰਨ ਮਨਾਂ ਵਿੱਚ ਬੇਈਮਾਨੀ ਆ ਗਈ ਅਤੇ ਅੱਜ ਦੋਸ਼ੀ ਧਿਰ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸਿਸ਼ ਕਰ ਰਹੀ ਸੀ। ਜਿਸ ਦੌਰਾਨ ਦੋਵੇਂ ਧਿਰਾਂ ਵਿੱਚ ਝਗੜਾ ਹੋ ਗਿਆ। ਇਸੇ ਝਗੜੇ ਵਿੱਚ ਹੋਈ ਫ਼ਾਇਰਿੰਗ ਵਿੱਚ ਇੱਕ ਵਿਅਕਤੀ ਕੁਲਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਜਦੋਂਕਿ ਦੋ ਵਿਅਕਤੀ ਜ਼ਖ਼ਮੀ ਹਨ। ਉਹਨਾਂ ਦੱਸਿਆ ਕਿ ਜ਼ਮੀਆਂ ਅਤੇ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Comments are closed.