ਲੁਧਿਆਣਾ ਜ਼ਿਲ੍ਹੇ ਦੇ ਧਰਮਪੁਰਾ ਸਥਿਤ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ ਵਿੱਚ ਸੰਗਰਾਦ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੌਰਾਨ ਇੱਕ ਦੁਖਦ ਹਾਦਸਾ ਵਾਪਰਿਆ। ਨਿਸ਼ਾਨ ਸਾਹਿਬ ਦੀ ਪਾਈਪ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਈ, ਜਿਸ ਕਾਰਨ ਚਾਰ ਸੇਵਾਦਾਰਾਂ ਨੂੰ ਕਰੰਟ ਲੱਗਿਆ।
ਇਸ ਹਾਦਸੇ ਵਿੱਚ ਅਸ਼ੋਕ ਕੁਮਾਰ ਨਾਂ ਦੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਸੇਵਾਦਾਰ—ਰਣਵੀਰ ਸਿੰਘ, ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਢੱਲ—ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਵਿਧਾਇਕ ਅਸ਼ੋਕ ਪਰਾਸ਼ਰ ਅਤੇ ਕੌਂਸਲਰ ਗੌਰਵ ਜੀਤ ਗੋਰਾ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ ਪੁੱਛਿਆ।
ਮ੍ਰਿਤਕ ਅਸ਼ੋਕ ਕੁਮਾਰ ਦੇ ਭਤੀਜੇ ਟਿੰਕੂ ਨੇ ਦੱਸਿਆ ਕਿ ਉਨ੍ਹਾਂ ਦਾ ਚਾਚਾ ਅਕਸਰ ਧਾਰਮਿਕ ਸਥਾਨਾਂ ਜਿਵੇਂ ਖਾਟੂ ਸ਼ਿਆਮ ਮੰਦਰ ਅਤੇ ਗੁਰਦੁਆਰਿਆਂ ਵਿੱਚ ਸੇਵਾ ਕਰਦਾ ਸੀ। ਅਸ਼ੋਕ ਨੇ ਵਿਆਹ ਨਹੀਂ ਕੀਤਾ ਸੀ ਅਤੇ ਆਪਣੀ ਜ਼ਿੰਦਗੀ ਸੇਵਾ ਨੂੰ ਸਮਰਪਿਤ ਕਰ ਦਿੱਤੀ ਸੀ। ਹਾਦਸੇ ਦੌਰਾਨ ਬਿਜਲੀ ਦਾ ਕਰੰਟ ਇੰਨਾ ਤੇਜ਼ ਸੀ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਲਾਕੇ ਦੇ ਵਸਨੀਕ ਲੱਕੀ ਅਨੁਸਾਰ, ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਸੰਤੁਲਨ ਵਿਗੜਨ ਕਾਰਨ ਪਾਈਪ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਈ। ਸੇਵਾਦਾਰਾਂ ਨੇ ਤੁਰੰਤ ਬਿਜਲੀ ਸਪਲਾਈ ਬੰਦ ਕੀਤੀ, ਪਰ ਤਦ ਤੱਕ ਅਸ਼ੋਕ ਦੀ ਮੌਤ ਹੋ ਚੁੱਕੀ ਸੀ।
ਕੌਂਸਲਰ ਗੌਰਵ ਜੀਤ ਗੋਰਾ ਨੇ ਕਿਹਾ ਕਿ ਇਹ ਇੱਕ ਅਚਾਨਕ ਹਾਦਸਾ ਸੀ, ਜੋ ਨਿਸ਼ਾਨ ਸਾਹਿਬ ਦਾ ਸੰਤੁਲਨ ਗੁਆਉਣ ਕਾਰਨ ਵਾਪਰਿਆ। ਉਨ੍ਹਾਂ ਨੇ ਜ਼ਖਮੀਆਂ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਘਟਨਾ ਨੇ ਇਲਾਕੇ ਦੀ ਸੰਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।