ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ‘ਚ ਕਈ ਅਤਿਵਾਦੀ ਲੁਕੇ ਹੋਏ ਹਨ। ਜਵਾਨਾਂ ਨੇ ਇਕ ਅਤਿਵਾਦੀ ਨੂੰ ਢੇਰ ਕਰ ਦਿਤਾ ਹੈ। ਹੁਣ ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਮੁਕਾਬਲੇ ‘ਚ ਦੋ ਜਵਾਨ ਜ਼ਖ਼ਮੀ ਹੋਏ ਹਨ।
ਫੌਜ ਨੇ ਕਿਹਾ ਹੈ ਕਿ ਕੁਪਵਾੜਾ ਦੇ ਮਾਛਲ ਸੈਕਟਰ ‘ਚ ਹੋਈ ਇਸ ਗੋਲੀਬਾਰੀ ‘ਚ ਇਕ ਪਾਕਿਸਤਾਨੀ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਭਾਰਤੀ ਫੌਜੀ ਜ਼ਖਮੀ ਹੋ ਗਏ ਹਨ।
ਸੋਸ਼ਲ ਮੀਡੀਆ ਵੈੱਬਸਾਈਟ ਐਕਸ ‘ਤੇ ਟਵੀਟ ਕਰਕੇ ਫੌਜ ਨੇ ਕਿਹਾ ਹੈ ਕਿ ਜ਼ਖਮੀ ਸੈਨਿਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਦਕਿ ਆਪਰੇਸ਼ਨ ਅਜੇ ਵੀ ਜਾਰੀ ਹੈ। ਫੌਜ ਮੁਤਾਬਕ ਇਸ ਗੋਲੀਬਾਰੀ ‘ਚ ਇਕ ਪਾਕਿਸਤਾਨੀ ਮਾਰਿਆ ਗਿਆ ਹੈ, ਜਦਕਿ ਜ਼ਖ਼ਮੀ ਫੌਜੀਆਂ ਨੂੰ ਮੌਕੇ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸੁਰੱਖਿਆ ਬਲਾਂ ਨੂੰ ਪਹਿਲਾਂ ਹੀ ਕੁਪਵਾੜਾ ‘ਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਫੌਜ ਪਿਛਲੇ ਕਈ ਦਿਨਾਂ ਤੋਂ ਇੱਥੇ ਅਤਿਵਾਦ ਵਿਰੋਧੀ ਮੁਹਿੰਮ ਚਲਾ ਰਹੀ ਹੈ।