‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਲਗਾਤਾਰ ਆਪਣੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਹਨ ਪਰ ਇਸ ਦੌਰਾਨ ਬਹੁਤ ਸਾਰੀਆਂ ਦੁੱਖ-ਦਾਇਕ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ ਕੇਂਦਰ ਸਰਕਾਰ ਆਪਣਾ ਰਵੱਈਆ ਨਰਮ ਨਹੀਂ ਕਰ ਰਹੀ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਕੁਦਰਤੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਦੌਰਾਨ ਇੱਕ ਹੋਰ ਕਿਸਾਨ ਦਾ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨੌਜਵਾਨ ਦੇ ਸਾਥੀ ‘ਤੇ ਇਸ ਕਤਲ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸਦੀ ਉਮਰ 26 ਸਾਲ ਹੈ। ਇਹ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਦਾ ਰਹਿਣ ਵਾਲਾ ਹੈ। ਸ਼ੱਕੀ ਨੌਜਵਾਨ ਦੀ ਪਛਾਣ ਰਣਧੀਰ ਸਿੰਘ ਉਰਫ ਸੱਤਾ ਵਜੋਂ ਹੋਈ ਹੈ। ਝੱਜਰ ਦੇ ਐੱਸਪੀ ਰਾਜੇਸ਼ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਿਕਰੀ ਬਾਰਡਰ ਦੇ ਬਹਾਦਰਗੜ੍ਹ ਕਸਬੇ ਦੇ ਸੈਕਟਰ 6 ਦੇ ਪੁਲਿਸ ਥਾਣੇ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ।
ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਸ ਦੌਰਾਨ ਉਨ੍ਹਾਂ ਦੋਵਾਂ ਵਿਚਾਲੇ ਕਿਸੇ ਮੁੱਦੇ ‘ਤੇ ਬਹਿਸ ਹੋ ਗਈ। ਦੋਵਾਂ ਵਿਚਾਲੇ ਉਸ ਮੁੱਦੇ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸੱਤਾ ਨੇ ਗੁੱਸੇ ਵਿੱਚ ਆ ਕੇ ਉਸ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਦਿੱਤਾ।
ਪੰਜਾਬੀ ਟ੍ਰਿਬਿਊਨ ਦੀ ਖਬਰ ਮੁਤਾਬਕ ਪਿੰਡ ਦੇ ਕੁੱਝ ਕਿਸਾਨਾਂ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਟਿਕਰੀ ਬਾਰਡਰ ਤੋਂ ਪਿੰਡ ਆਉਣ ਲੱਗੇ ਤਾਂ ਗੁਰਪ੍ਰੀਤ ਉਨ੍ਹਾਂ ਨਾਲ ਪਿੰਡ ਆਉਣ ਲਈ ਗੱਡੀ ’ਚ ਬੈਠ ਗਿਆ। ਜ਼ਖ਼ਮੀ ਹੋਣ ਕਾਰਨ ਉਹ ਗੱਡੀ ਵਿੱਚ ਲੇਟਿਆ ਰਿਹਾ। ਜਦ ਰਸਤੇ ਵਿੱਚ ਉਸ ਨੂੰ ਉਠਾਇਆ ਤਾਂ ਉਹ ਉੱਠਿਆ ਹੀ ਨਹੀਂ। ਕੁੱਟਮਾਰ ਕਰਨ ਵਾਲਾ ਵਿਅਕਤੀ ਫਰਾਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਕੁੱਝ ਸਮਾਂ ਪਹਿਲਾਂ ਹੀ ਦਿੱਲੀ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਇਆ ਸੀ।