ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (SIDHU MOOSE WALA) ਨੂੰ ਦੁਨਿਆ ਤੋਂ ਰੁਖਸਤ ਹੋਇਆਂ 3 ਮਹੀਨਿਆਂ ਤੋਂ ਉਤੇ ਵਕਤ ਹੋ ਗਿਆ ਹੈ ਪਰ ਉਸ ਦੇ ਗਾਣਿਆਂ ਦੀ ਅੱਜ ਵੀ ਯੂਟਿਊਬ ਤੇ ਸਰਦਾਰੀ ਕਾਇਮ ਹੈ । ਇਸ ਲਈ ਯੂਟਿਊਬ ਨੇ ਹੁਣ ਸਿੱਧੂ ਨੂੰ ‘ਡਾਇਮੰਡ ਪਲੇਅ ਬਟਨ’ (Diamond Play Button)ਐਵਾਰਡ ਦਿੱਤਾ ਹੈ। ਉਹ ਪਹਿਲੇ ਪੰਜਾਬੀ ਗਾਇਕ ਹਨ,ਜਿਹਨਾਂ ਹਿੱਸੇ ਇਹ ਉਪਲਬਧੀ ਆਈ ਹੈ ।
ਮੂਸੇਵਾਲਾ ਨੂੰ ਯੂਟਿਊਬ ਪਲੇਟਫਾਰਮ ’ਤੇ ਇਕ ਕਰੋੜ ਤੋਂ ਵੱਧ ਚਾਹੁਣ ਵਾਲੇ ਮਿਲਣ ’ਤੇ ਯੂਟਿਊਬ ਤੋਂ ‘ਡਾਇਮੰਡ ਪਲੇਅ ਬਟਨ’ ਪ੍ਰਾਪਤ ਹੋਇਆ ਹੈ। ਉਸ ਦੇ ਯੂਟਿਊਬ ਚੈਨਲ ਦੇ ਇਸ ਵੇਲੇ 1 ਕਰੋੜ 69 ਲੱਖ ਪ੍ਰਸ਼ੰਸਕ ਹਨ। ਜਾਣਕਾਰੀ ਅਨੁਸਾਰ ‘ਡਾਇਮੰਡ ਪਲੇਅ ਬਟਨ’ ਇੱਕ ਯੂਟਿਊਬ ਐਵਾਰਡ ਹੈ, ਜੋ ਉਨ੍ਹਾਂ ਚੈਨਲਾਂ ਨੂੰ ਦਿੱਤਾ ਜਾਂਦਾ ਹੈ, ਜੋ ਵੀਡੀਓ ਅਪਲੋਡਿੰਗ ਪਲੇਟਫਾਰਮ ਦੁਆਰਾ 10 ਮਿਲੀਅਨ ਗਾਹਕਾਂ ਤੱਕ ਪਹੁੰਚ ਕਰਦੇ ਹਨ ਜਾਂ ਇਸ ਨੂੰ ਪਾਰ ਕਰਦੇ ਹਨ। ਇਸ ਦਾ ਉਦੇਸ਼ ਇਸ ਦੇ ਸਭ ਤੋਂ ਪ੍ਰਸਿੱਧ ਚੈਨਲਾਂ ਨੂੰ ਪਛਾਣਨਾ ਹੈ। ਇਸ ਪੰਜਾਬੀ ਗਾਇਕ ਨੇ ਆਪਣੇ 5 ਸਾਲ ਦੇ ਮਿਊਜ਼ਿਕ ਕੈਰੀਅਰ ’ਚ ਇੰਡਸਟਰੀ ਨੂੰ ਦਮਦਾਰ ਗੀਤ ਦਿੱਤੇ ਹਨ।
ਸਿੱਧੂ ਦੀ ਇਸ ਉਪਲਬਧੀ ਤੇ ਉਸ ਦੇ ਪਿਤਾ ਬਲਕੌਰ ਸਿੰਘ ਨੇ ਵੀ ਮਾਣ ਮਹਿਸੂਸ ਕੀਤਾ ਹੈ। ਉਹਨਾਂ ਨੂੰ ਹਸਪਤਾਲ ਵਿੱਚ ਇਹ ਖ਼ਬਰ ਮਿਲੀ ਸੀ । ਉਹ ਇਸ ਵੇਲੇ ਪੀਜੀਆਈ ਦਾਖਲ ਹਨ। ਬੀਤੀ ਸ਼ਾਮ ਉਹਨਾਂ ਦੇ ਤਿੰਨ ਸਟੰਟ ਪਾਏ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਹੁਣ ਬਿਲਕੁਲ ਠੀਕ ਹੈ। ਅਗਲੇ ਇੱਕ-ਦੋ ਦਿਨਾਂ ਤੱਕ ਉਹ ਡਾਕਟਰਾਂ ਦੀ ਸਲਾਹ ਨਾਲ ਪਿੰਡ ਮੂਸਾ ਆ ਜਾਣਗੇ। ਇਸ ਸਬੰਧ ਵਿੱਚ ਜਾਣਕਾਰੀ ਉਹਨਾਂ ਦੇ ਵੱਡੇ ਭਰਾ ਚਮਕੌਰ ਸਿੰਘ ਸਿੱਧੂ ਨੇ ਦਿੱਤੀ ਹੈ।