ਚੰਡੀਗੜ੍ਹ :  ਆਟਾ ਦਾਲ ਸਕੀਮ ‘ਤੇ ਰੋਕ ਲਗਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਾਗੂ ਇੱਕ ਵਿਧਾਇਕ-ਇੱਕ ਪੈਨਸ਼ਨ ਸਕੀਮ ਨੂੰ ਵੀ ਹਾਈ ਕੋਰਟ ਵਿੱਚ ਚੁਨੌਤੀ ਮਿਲ ਗਈ ਹੈ।ਇਸ ਐਕਟ ਖਿਲਾਫ ਛੇ ਸਾਬਕਾ ਵਿਧਾਇਕਾਂ ਨੇ ਪਟੀਸ਼ਨ ਦਾਖਲ ਕੀਤੀ ਹੈ। ਇਹਨਾਂ ਸਾਬਕਾ  ਵਿਧਾਇਕਾਂ ਵਿੱਚ ਰਾਕੇਸ਼ ਪਾਂਡੇ, ਸੋਹਨ ਸਿੰਘ ਠੰਡਲ, ਮੋਹਨ ਲਾਲ, ਗੁਰਵਿੰਦਰ ਸਿੰਘ ਅਟਵਾਲ, ਸਰਵਣ ਸਿੰਘ ਤੇ ਲਾਲ ਸਿੰਘ ਦੇ ਨਾਮ ਸ਼ਾਮਲ ਹਨ। ਹਾਈਕੋਰਟ ਨੇ ਇਸ ਪਟੀਸ਼ਨ ‘ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।

ਸੀਨੀਅਰ ਐਡਵੋਕੇਟ ਤੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਨੇ ਦੱਸਿਆ ਕਿ ਹਾਈਕੋਰਟ ਵਿੱਚ ਅਸੀਂ ਇਹ ਮੰਗ ਕੀਤੀ ਹੈ ਕਿ ਇੱਕ ਵਿਧਾਇਕ,ਇੱਕ ਪੈਨਸ਼ਨ ਐਕਟ ਪੁਰਾਣੇ ਐਮਐਲਏ ਉਤੇ ਲਾਗੂ ਨਾ ਕੀਤਾ ਜਾਵੇ, ਸਾਨੂੰ ਜਿਸ ਤਰ੍ਹਾਂ ਪੈਨਸ਼ਨ ਮਿਲਦੀ ਹੈ, ਉਸੇ ਤਰ੍ਹਾਂ ਹੀ ਮਿਲਦੀ ਰਹੀ। ਇਹ ਐਕਟ ਨਵੇਂ ਵਿਧਾਇਕਾਂ ਉਤੇ ਲਾਗੂ ਕੀਤਾ ਜਾਵੇ। ਇਸ ਸਬੰਧੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਕਿ ਇਹ ਐਕਟ ਕਿਉਂ ਲਾਗੂ ਕੀਤਾ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ  ਸੂਬੇ ਵਿੱਚ ਸੱਤਾ ਵਿੱਚ ਆਉਣ ਤੋਂ ਕੁੱਝ ਸਮੇਂ ਬਾਅਦ ਹੀ ਇਹ ਐਕਟ ਲੈ ਆਉਂਦਾ ਸੀ ਕਿ ਸੂਬੇ ਦੇ ਕਿਸੇ ਵੀ ਵਿਧਾਇਕ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲੇਗੀ, ਭਾਵੇਂ ਉਹ ਕਿੰਨੀ ਵਾਰ ਵਿਧਾਇਕ ਕਿਉਂ ਨਾ ਰਿਹਾ ਹੋਵੇ। ਇਸ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਜਿੰਨੀ ਵਾਰ ਕੋਈ ਵਿਧਾਇਕ ਬਣੇਗਾ, ਉਸ ਨੂੰ ਉਨੀ ਵਾਰ ਹੀ ਪੈਨਸ਼ਨ ਮਿਲੇਗੀ।  ਜੇਕਰ ਕੋਈ ਪੰਜ ਵਾਰ ਵਿਧਾਇਕ ਬਣਿਆ ਤਾਂ ਉਸ ਨੂੰ ਪੰਜ ਪੈਨਸ਼ਨਾਂ ਮਿਲਦੀਆਂ ਸਨ ਤੇ ਕਾਫੀ ਪਹਿਲਾਂ ਤੋਂ ਇਹ ਨਿਯਮ ਬਣਿਆ ਹੋਇਆ ਹੈ ਪਰ ਇਸ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੰਦ ਕਰ ਦਿੱਤਾ ਸੀ। ਪੰਜਾਬ ਸਰਕਾਰ ਹੁਣ ਜਲਦੀ ਹੀ ਇਸ ਮਾਮਲੇ ਵਿੱਚ ਆਪਣਾ ਪੱਖ ਹਾਈ ਕੋਰਟ ਵਿੱਚ ਰਖੇਗੀ।