‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲਗਾਤਾਰ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਨੂੰ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦੇ ਨਾਲ-ਨਾਲ ਕੁਦਰਤੀ ਅਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕੁੱਝ ਕਿਸਾਨ ਦਿੱਲੀ ‘ਚ ਧਰਨੇ ਦੌਰਾਨ ਸ਼ਹੀਦ ਹੋ ਰਹੇ ਹਨ, ਕੁੱਝ ਕਿਸਾਨ ਧਰਨੇ ਤੋਂ ਵਾਪਸ ਪਰਤਦਿਆਂ ਹੀ ਸ਼ਹੀਦ ਹੋ ਰਹੇ ਹਨ ਅਤੇ ਕਈ ਕਿਸਾਨ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਦਿਲ ਦਹਿਲਾਉਣ ਵਾਲੀ ਖਬਰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਆਈ ਹੈ, ਜਿੱਥੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।
ਕੱਲ੍ਹ ਦੇਰ ਸ਼ਾਮ ਨੂੰ ਪਟਿਆਲਾ ਦੇ ਥਾਪਰ ਕਾਲਜ ਨੇੜੇ ਥਾਣਾ ਸਿਵਲ ਲਾਈਨਜ਼ ਦੇ ਸਾਹਮਣੇ ਸਥਿਤ ਲਾਈਟਾਂ ਵਾਲੇ ਚੌਂਕ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਹੋਈ ਫਾਰਚੂਨਰ ਕਾਰ ਨੇ ਦੋ ਕਾਰਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ‘ਚ ਇੱਕ ਮੋਟਰਸਾਈਕਲ ਸਣੇ ਅੱਧੀ ਦਰਜਨ ਦੇ ਕਰੀਬ ਲੋਕ ਦਰੜੇ ਗਏ। ਜਿਨ੍ਹਾਂ ਲੋਕਾਂ ‘ਤੇ ਕਾਰ ਚੜ੍ਹੀ, ਉਹ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਬੱਤੀਆਂ ਵਾਲੇ ਚੌਂਕ ‘ਚ ਖੜ੍ਹੇ ਪ੍ਰਦਰਸ਼ਨ ਕਰ ਰਹੇ ਸਨ।
ਇਨ੍ਹਾਂ ਵਿੱਚੋਂ ਇੱਕ ਵਿਅਕਤੀ ਇੰਦਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਬਾਕੀ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਜ਼ਖਮੀਆਂ ‘ਚ ਦੋ ਬੱਚੇ ਕੋਲੰਬੀਆ ਹਸਪਤਾਲ ਦਾਖਲ ਕਰਾਏ ਗਏ ਹਨ। ਇਹ ਥਾਪਰ ਕਾਲਜ ਦੇ ਵਿਦਿਆਰਥੀ ਹਨ। ਜ਼ਖਮੀਆਂ ਵਿੱਚ ਇੱਕ ਗਰਭਵਤੀ ਔਰਤ, 2 ਬੱਚੇ ਅਤੇ ਉਸਦਾ ਪਤੀ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਇੰਦਰਜੀਤ ਸਿੰਘ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ,ਜਦੋਂ ਉਹ ਥਾਪਰ ਚੌਂਕ ‘ਚ ਲਾਈਟਾਂ ‘ਤੇ ਰੁਕੇ ਤਾਂ ਭਾਦਸੋਂ ਚੁੰਗੀ ਸਾਈਡ ਤੋਂ ਬਹੁਤ ਤੇਜ਼ ਆ ਰਹੀ ਇੱਕ ਫਾਰਚੂਨਰ ਗੱਡੀ ਨੇ ਲਾਈਟਾਂ ‘ਤੇ ਖੜ੍ਹੀ ਵਰਨਾ ਅਤੇ ਸਵਿਫਟ ਕਾਰਾਂ ਨੂੰ ਟੱਕਰ ਮਾਰੀ ਅਤੇ ਬੇਕਾਬੂ ਹੋ ਕੇ ਗੱਡੀ ਫੁੱਟਪਾਥ ‘ਤੇ ਚੜ੍ਹ ਕੇ ਰੁਕ ਗਈ, ਜਿੱਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ। ਅੱਜ ਉਸੇ ਚੌਂਕ ‘ਚ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਵੱਲੋਂ ਚੌਂਕ ਵਿਚਾਲੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਦੋਸ਼ੀ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ।