The Khalas Tv Blog India ਕਰਨਾਲ ‘ਚ ਕਿਸਾਨਾਂ ‘ਤੇ ਪੁਲਿਸ ਲਾਠੀਚਾਰਜ ਕਾਰਨ ਇੱਕ ਕਿਸਾਨ ਦੀ ਗਈ ਜਾਨ
India Punjab

ਕਰਨਾਲ ‘ਚ ਕਿਸਾਨਾਂ ‘ਤੇ ਪੁਲਿਸ ਲਾਠੀਚਾਰਜ ਕਾਰਨ ਇੱਕ ਕਿਸਾਨ ਦੀ ਗਈ ਜਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿੱਚ ਕੱਲ੍ਹ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ‘ਤੇ ਖੱਟਰ ਸਰਕਾਰ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਕਾਰਨ ਇੱਕ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਹੈ। ਲਾਠੀਚਾਰਜ ਕਾਰਨ ਕਿਸਾਨ ਦੇ ਸਿਰ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ। ਬੀਤੀ ਰਾਤ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਕਿਸਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਕਿਸਾਨ ਰਾਏਪੁਰ ਜਟਾਨ ਦਾ ਰਹਿਣ ਵਾਲਾ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਨੇ ਕਿੰਨੀ ਦਰਿੰਦਗੀ ਦੇ ਨਾਲ ਕਿਸਾਨਾਂ ‘ਤੇ ਆਪਣਾ ਪੂਰਾ ਜ਼ੋਰ ਲਾ ਕੇ ਲਾਠੀਚਾਰਜ ਕੀਤਾ ਅਤੇ ਕਿਸਾਨਾਂ ਦੇ ਸਿਰਾਂ ‘ਤੇ ਬੁਰੀ ਤਰੀਕੇ ਨਾਲ ਵਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕੀਤਾ।

ਕੱਲ੍ਹ ਕਿਸਾਨ ਲੀਡਰ ਦਰਸ਼ਨਪਾਲ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਲਾਠੀਚਾਰਜ ਕਰਕੇ ਕਿਸੇ ਵੀ ਕਿਸਾਨ ਦੀ ਹਾਲਤ ਵਿਗੜੀ ਜਾਂ ਮੌਤ ਹੋਈ ਤਾਂ ਸੰਯੁਕਤ ਕਿਸਾਨ ਮੋਰਚਾ ਕੋਈ ਵੱਡਾ ਫੈਸਲਾ ਲਵੇਗਾ। ਕਿਸਾਨਾਂ ਨੇ ਮ੍ਰਿਤਕ ਕਿਸਾਨ ਨੂੰ ਸ਼ਹੀਦ ਐਲਾਨ ਦਿੱਤਾ ਹੈ। ਅੱਜ ਕਿਸਾਨਾਂ ਵੱਲੋਂ ਲਾਠੀਚਾਰਜ ਦੇ ਰੋਸ ਵਜੋਂ ਦੁਪਹਿਰ 2 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ ਹਨ ਅਤੇ ਕੱਲ੍ਹ ਕਿਸਾਨ ਲੀਡਰ ਮੀਟਿੰਗ ਕਰਕੇ ਇਸ ਮਾਮਲੇ ‘ਤੇ ਅਗਲੀ ਰਣਨੀਤੀ ਤੈਅ ਕਰਨਗੇ। ਕਿਸਾਨ ਲੀਡਰਾਂ ਨੇ ਲਾਠੀਚਾਰਜ ਕਰਨ ਵਾਲਿਆਂ ਦੇ ਖ਼ਿਲਾਫ਼ ਕੱਲ੍ਹ ਤੱਕ ਆਪਣੀ ਮੀਟਿੰਗ ਤੋਂ ਪਹਿਲਾਂ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

Exit mobile version