ਜੈਤੋਂ ਦੇ ਨੇੜਲੇ ਪਿੰਡ ਚੰਦਭਾਨ ਦੇ ਇਕ ਧਾਰਮਿਕ ਡੇਰੇ ‘ਚ ਵਿਸਾਖੀ ਦੇ ਤਿਉਹਾਰ ‘ਤੇ ਚੜ੍ਹਦੀ ਸ਼ਰਾਬ ਪੀਣ ਨਾਲਇੱਕ ਵਿਅਕਤੀ ਦੀ ਮੌਤ ਤੇ ਤਿੰਨ ਵਿਅਕਤੀਆਂ ਦੇ ਸਖ਼ਤ ਰੂਪ ‘ਚ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਿਕ ਵਿਸਾਖੀ ਦੇ ਦਿਨ ਪਿੰਡ ਚੰਦਭਾਨ ਦੇ ਇੱਕ ਧਾਰਮਿਕ ਡੇਰੇ ‘ਚ ਸ਼ਰਾਬ ਚੜ੍ਹਦੀ ਹੈ ਤੇ ਉਸ ਉਪਰੰਤ ਪ੍ਰਸ਼ਾਦ ਦੇ ਰੂਪ ‘ਚ ਇਹ ਸ਼ਰਾਬ ਲੋਕਾਂ ਨੂੰ ਵਰਤਾਈ ਜਾਂਦੀ ਹੈ ਜਿਸ ਦੇ ਚੱਲਦਿਆਂ ਉੱਥੇ ਸ਼ਰਾਬ ਪੀਣ ਉਪਰੰਤ ਚਾਰ ਵਿਅਕਤੀ ਬੇਹੋਸ਼ ਹੋ ਗਏ ਤੇ ਉਨ੍ਹਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਬੇਹੋਸ਼ ਵਿਅਕਤੀਆਂ ‘ਚੋਂ ਸੱਤਪਾਲ ਸਿੰਘ ( 50 ਸਾਲ) ਵਾਸੀ ਟਿੱਬੀ ਸਾਹਿਬ ਰੋਡ ਜੈਤੋ ਦੀ ਮੌਤ ਹੋ ਗਈ।
ਕ੍ਰਿਸਨ ਚੰਦ ਵਾਸੀ ਗੋਨਿਆਣਾ, ਦਵਿੰਦਰ ਸਿੰਘ ਵਾਸੀ ਆਕਲੀਆਂ ਤੇ ਬੀਤਾ ਸਿੰਘ ਵਾਸੀ ਜੀਦਾ ਨੂੰ ਸਿਵਲ ਹਸਪਤਾਲ ਕੋਟਕਪੂਰਾ ਤੋਂ ਇਲਾਜ਼ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਇਹ ਘਟਨਾ ਬੀਤੇ ਕੱਲ੍ਹ ਸ਼ਾਮ ਦੀ ਹੋਣ ਦੇ ਬਾਵਜੂਦ ਸਥਾਨਕ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਤੇ ਕਾਰਵਾਈ ਕਰਨ ਦੀ ਥਾਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ।
ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨੇ ਥਾਣਾ ਜੈਤੋ ਦੇ ਐਸਐਚਓ ਗੁਰਮੇਹਰ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਆਨਾ-ਕਾਨੀ ਕਰਨ ਉਪਰੰਤ ਆਪਣਾ ਫੋਨ ਬੰਦ ਕਰ ਲਿਆ। ਇਸ ਮਾਮਲੇ ‘ਚ ਡੀਐਸਪੀ ਜੈਤੋ ਸੁਖਦੀਪ ਸਿੰਘ ਤੋਂ ਜਾਣਕਾਰੀ ਲਈ ਤਾਂ ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਜਿਸ ਦੀ ਮੌਤ ਹੋਈ ਹੈ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਬਿਮਾਰ ਹੋਏ ਵਿਅਕਤੀ ਪੁਲਿਸ ਨੂੰ ਕਿਸੇ ਹਸਪਤਾਲ ਵਿਚ ਨਹੀਂ ਮਿਲੇ।