Punjab

ਸ਼੍ਰੋਮਣੀ ਕਮੇਟੀ ਦਾ ਕੋਵਿਡ ਮਰੀਜ਼ਾਂ ਲਈ ਇੱਕ ਵਾਰ ਫਿਰ ਵੱਡਾ ਉਪਰਾਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕਈ ਅਹਿਮ ਐਲਾਨ ਕੀਤੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਧਰਮ ਪ੍ਰਚਾਰ ਦੇ ਖੇਤਰ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਚਾਰਕਾਂ ਨੂੰ ਆਨਲਾਈਨ ਕੋਰਸਾਂ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸਾਰੇ ਸਿੱਖ ਪ੍ਰਚਾਰਕ, ਵਿਦਵਾਨ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਸ਼ੁੱਧ ਬਾਣੀ ਦਾ ਪਾਠ ਕਰਨ ਬਾਰੇ, ਸ਼ੁੱਧ ਵਿਆਕਰਨ ਦੇ ਸਬੰਧ ਵਿੱਚ ਦੱਸਣਗੇ, ਵਿਦਿਆਰਥੀਆਂ ਨੂੰ ਸਮਝਾਉਣਗੇ। ਸਾਰੇ ਵਿਦਿਆਰਥੀਆਂ ਦੇ ਆਨਲਾਈਨ ਹੀ ਕੁਇਜ਼ ਮੁਕਾਬਲੇ, ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ, ਸਮਾਗਮ ਕਰਵਾਏ ਜਾਣਗੇ। ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨ ਜੋਗਿੰਦਰ ਸਿੰਘ ਵੇਦਾਂਤੀ ਨੂੰ ਸਮਰਪਿਤ ਕੀਤਾ ਗਿਆ ਹੈ’।

ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਕੋਵਿਡ ਕੇਅਰ ਸੈਂਟਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜਿਸ ਕਰਕੇ ਸਾਨੂੰ ਸੈਂਟਰਾਂ ਵਿੱਚ ਬੈੱਡ ਵਧਾਉਣੇ ਪਏ। ਉਨ੍ਹਾਂ ਕਿਹਾ ਕਿ ਮਰੀਜ਼ ਇੱਥੋਂ ਇਲਾਜ ਕਰਵਾ ਕੇ ਖੁਸ਼ੀ, ਰਾਹਤ ਮਹਿਸੂਸ ਕਰਦੇ ਹਨ। ਇਨ੍ਹਾਂ ਕੋਵਿਡ ਸੈਂਟਰਾਂ ਵਿੱਚ ਸਾਰਾ ਦਿਨ ਆਨਲਾਈਨ ਕੀਰਤਨ ਚੱਲਦਾ ਰਹਿੰਦਾ ਹੈ, ਲੰਗਰ ਦਾ ਪ੍ਰਬੰਧ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਕੋਵਿਡ ਕੇਅਰ ਸੈਂਟਰ ਖੋਲ੍ਹੇ ਜਾ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਇਸ ਹਫਤੇ ਚਾਰ ਹੋਰ ਕੋਵਿਡ ਕੇਅਰ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਸੈਂਟਰ ਆਗਮਪੁਰ, ਸੰਗਰੂਰ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ , ਫਿਰੋਜ਼ਪੁਰ ਦੇ ਗੁਰਦੁਆਰਾ ਵਜੀਦਪੁਰ ਵਿਖੇ ਅਤੇ ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਖੋਲ੍ਹੇ ਜਾਣਗੇ’।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ‘HDFC ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਬੱਸ ਡੋਨੇਟ ਕੀਤੀ ਹੈ, ਜੋ ਅਸੀਂ ਗੁਰੂ ਰਾਮਦਾਸ ਹਸਪਤਾਲ ਨੂੰ ਮੈਡੀਕਲ ਸਹੂਲਤ ਲਈ ਦੇ ਰਹੇ ਹਾਂ। ਇਸ ਬੱਸ ਵਿੱਚ ਮੈਡੀਕਲ ਦੀ ਪੂਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ’।