Punjab

SGPC ਵੱਲੋਂ ਸ਼ੁਰੂ ਕੀਤੇ ਗਏ YouTube ਚੈਨਲ ‘ਤੇ “AAP” ਪਾਰਟੀ ਨੇ ਕੀਤੇ ਇਹ ਸਵਾਲ…

On YouTube channel started by SGPC, "AAP" party asked these questions...

ਚੰਡੀਗੜ੍ਹ : ਲੰਘੇ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਵਿਸ਼ਵ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂਟਿਊਬ/ਵੈੱਬ ਚੈਨਲ ਅੱਜ ਜਾਰੀ ਕਰ ਦਿੱਤਾ ਗਿਆ ਸੀ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕੁਝ ਸਵਾਲ ਵੀ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ SGPC ਦੁਆਰਾ ਸ਼ੁਰੂ ਕੀਤੇ ਗਏ ਯੂਟਿਊਬ ਚੈਨਲ ਨੂੰ ਲੈ ਕੇ ਸਵਾਲ ਕੀਤੇ ਹਨ।

ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਲਈ SGPC ਅੰਮ੍ਰਿਤਸਰ ਵਲੋਂ ਆਪਣਾ ਇੱਕ ਯੂਟਿਊਬ ਚੈਨਲ ਚਲਾਉਣਾ,ਇੱਕ ਸ਼ਲਾਘਾ ਯੋਗ ਕਦਮ ਹੈ ਪ੍ਰੰਤੂ ਇਹ ਗੱਲ ਸਮਝ ਤੋਂ ਪਰੇ ਹੈ ਕਿ PTC Punjabi ਯੂਟਿਊਬ ਉੱਤੇ ਵੀ ਪਾਵਨ ਗੁਰਬਾਣੀ ਦਾ ਲਾਈਵ ਟੈਲੀਕਾਸਟ ਕਿਸ ਅਧਿਕਾਰ ਤਹਿਤ ਕਰ ਰਿਹਾ ਹੈ?

ਕੰਗ ਨੇ ਕਿਹਾ ਕਿ ਸਵਾਲ ਇਹ ਹੈ ਕਿ ਜੇ PTC Punjabi ਯੂ ਟਿਊਬ ਉੱਤੇ ਲਾਈਵ ਟੈਲੀਕਾਸਟ ਕਰ ਸਕਦਾ ਹੈ ਤਾਂ ਬਾਕੀ ਚੈਨਲ ਕਿਉਂ ਨਹੀਂ ਕਰ ਸਕਦੇ? ਉਨ੍ਹਾਂ ਨੇ ਕਿਹਾ ਕਿ PTC Punjabi ਦੇ ਯੂਟਿਊਬ ਪਲੇਟਫ਼ਾਰਮ ਉੱਤੇ ਜੋਂ Ads ਦਿਖਾਈਆਂ ਜਾ ਰਹੀਆਂ ਹਨ ਕੀ ਇਹ ਮਰਿਆਦਾ ਦੀ ਉਲੰਘਣ ਨਹੀਂ ਹੈ?

ਦੱਸ ਦੇਈਏ ਕਿ ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਵੈਬ ਚੈਨਲ ਲਾਂਚ ਕੀਤਾ ਗਿਆ ਸੀ । ਇਸ ਸਬੰਧ ਵਿਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਮਗਰੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਹੋਇਆ, ਜਿੱਥੇ ਵੈੱਬ ਚੈਨਲ ਦੀ ਰਸਮੀ ਆਰੰਭਤਾ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਣ ਲਈ ਬਣਾਏ ਗਏ ਇਸ ਚੈਨਲ ਦਾ ਨਾਂ ‘ਐਸਜੀਪੀਸੀ ਸ੍ਰੀ ਅੰਮ੍ਰਿਤਸਰ’ ਰੱਖਿਆ ਗਿਆ ਹੈ, ਜੋ ਯੂਟਿਊਬ ਅਤੇ ਫੇਸਬੁੱਕ ’ਤੇ ਉਪਲਬਧ ਹੋਵੇਗਾ। ਇਸ ਸਮਾਗਮ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਹਾਜ਼ਰੀ ਭਰੀ ਹੈ।