India Khetibadi Punjab

ਸਾਲ ਦੇ ਪਹਿਲੇ ਹੀ ਦਿਨ ਪੰਧੇਰ ਨੇ ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

ਸ਼ੰਭੂ : ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ।  ਇੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ। ਹੁਣ 4 ਜਨਵਰੀ ਨੂੰ ਕਿਸਾਨਾਂ ਵਲੋਂ ਖਨੌਰੀ ਮੋਰਚੇ ਵਿਚ ਮਹਾਂਪੰਚਾਇਤ ਕੀਤੀ ਜਾਵੇਗੀ।

ਇਸੇ ਦੌਰਾਨ ਇੱਕ ਵੀਡੀਓ ਜਾਰੀ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸ਼ੰਭੂ ਬਾਰਡਰ ਵੱਲ੍ਹ ਇਸ਼ਾਰਾ ਕਰਦਿਆਂ ਕਿਹਾ ਕਿ 6 ਫਰਵਰ 2024 ਤੋਂ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਇੱਕ ਕੰਧ ਕੱਢੀ ਹੋਈ ਹੈ। ਜਿਸ ਨੇ ਪੰਜਾਬ ਦੀ ਆਰਥਿਕਤ, ਵਪਾਰੀਆਂ ਦੇ ਵਪਾਰ, ਪੰਜਾਬ ਦੇ ਟਰਾਂਸਪੋਰਟਰਾਂ ਅਤੇ  ਹਰਿਆਣੇ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਹੈ।

ਬੀਜੇਪੀ ਆਗੂਆਂ ’ਤੇ ਵਰ੍ਹਦਿਆਂ ਪੰਧੇਰ ਨੇ ਕਿਹਾ ਕਿ ਜਿਹੜੇ ਮੰਤਰੀਆਂ ਵੱਲੋਂ ਕਿਸਾਨਾਂ ਨੂੰ ਪੈਦਲ ਆਉਣ ਲਈ ਕਿਹਾ ਗਿਆ ਸੀ ਪਰ ਜਦੋਂ ਕਿਸਾਨਾਂ ਦੇ ਜਥੇ ਨੇ ਪੈਦਲ ਕੂਚ ਕੀਤਾ ਤਾਂ 45 ਕਿਸਾਨ ਜ਼ਖ਼ਮੀ ਹੋਏ ਸਨ।

ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਵਿੱਚ ਕਿਸਾਨ ਜਥਿਆ ਬਾਰੇ ਚਰਚਾ ਕਰਾਂਗੇ।

ਖਨੌਰੀ ਸਰਹੱਦ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਬਾਰੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਦੂਜੇ ਪਾਸੇ 36 ਦਿਨ ਹੋ ਗਏ ਜਗਜੀਤ ਸਿੰਘ ਡਲੇਵਾਲ ਜੀ ਦੇ ਮਰਨ ਵਰਤ ਨੂੰ ਪਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਕੋਈ ਵੀ ਚਿੰਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕਿਸਾਨਾਂ ਬਾਰੇ ਨਹੀਂ ਸੋਚੇਗਾ ਉਦੋਂ ਤੱਕ ਕੋਈ ਮਸਲੇ ਹੱਲ ਨਹੀਂ ਹੋਣਗੇ।

ਪੰਧੇਰ ਨੇ ਕਿਹਾ ਜੋ ਮੰਗਾਂ ਸਰਕਾਰ ਤੋਂ ਮੰਗਵਾਉਣ ਲਈ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਮੋਰਚਾ ਅੱਜ ਵੀ ਉਨ੍ਹਾਂ ਮੰਗਾਂ ’ਤੇ ਅਡੋਲ ਖੜ੍ਹਾ ਹੈ ਅਤੇ ਮੰਗਾਂ ਮੰਨੇ ਨਾ ਜਾਣ ਤੱਕ ਇਹ ਮੋਰਚੇ ਚੱਲਦਾ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ  ਵੱਧ ਤੋਂ ਵੱਧ ਲੋਕ ਅੰਦੋਲਨ ਦਾ ਸਾਥ ਦੇਣ।