India

ਭਾਰਤੀ ਫ਼ੌਜ ਦੇ ਸੁਝਾਵਾਂ ’ਤੇ ਅਗਨੀਪਥ ਯੋਜਨਾ ’ਚ ਹੋਣਗੇ ਕਈ ਸੁਧਾਰ

ਭਾਰਤੀ ਫੌਜ ਨੇ ਅਗਨੀਪਥ ਯੋਜਨਾ ਦੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਸੁਧਾਰਨ ਲਈ ਕਈ ਸਿਫਾਰਸ਼ਾਂ ਕੀਤੀਆਂ ਹਨ। ਇਨ੍ਹਾਂ ਵਿੱਚ 4 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਨਿਯਮਤ ਸੇਵਾ ਵਿੱਚ ਸ਼ਾਮਲ ਹੋਣ ਵਾਲੇ ਫਾਇਰਫਾਈਟਰਾਂ ਦੀ ਮੌਜੂਦਾ 25 ਪ੍ਰਤੀਸ਼ਤ ਤੋਂ ਵਧਾ ਕੇ 60-70 ਪ੍ਰਤੀਸ਼ਤ ਕਰਨਾ ਸ਼ਾਮਲ ਹੈ।

ਸਰਕਾਰ ਵਲੋਂ ਅਗਨੀਵੀਰ ਯੋਜਨਾ ਦੀ ਅਜਿਹੀ ਸਮੀਖਿਆ ਦੀ ਆਸ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸੀ ਕਿਉਂਕਿ ਇਸ ਯੋਜਨਾ ਨੂੰ ਲੈ ਕੇ ਦੇਸ਼ ’ਚ ਕਾਫ਼ੀ ਸਿਆਸਤ ਹੋਈ ਹੈ। ਵਿਰੋਧੀ ਧਿਰ ਨੇ ਇਸ ਯੋਜਨਾ ਵਿਚਲੀਆਂ ਕੁੱਝ ਖ਼ਾਮੀਆਂ ਦਾ ਸਦਾ ਹੀ ਤਿੱਖਾ ਵਿਰੋਧ ਕੀਤਾ ਹੈ।

ਦੇਸ਼ ਦੇ ਰਖਿਆ ਤੇ ਸੁਰਖਿਆ ਮਾਮਲਿਆਂ ਨਾਲ ਜੁੜੇ ਵਿਭਾਗਾਂ ਦੇ ਸੂਤਰਾਂ ਅਨੁਸਾਰ ਹਥਿਆਰਬੰਦ ਫ਼ੌਜਾਂ ਤੇ ਮੰਤਰਾਲਿਆਂ ਵਲੋਂ ਅਗਨੀਪਥ ਸਕੀਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਭਾਰਤੀ ਫ਼ੌਜ ਨੇ ਅਗਨੀਵੀਰਾਂ ਦਾ ਕਾਰਜਕਾਲ ਮੌਜੂਦਾ ਚਾਰ ਸਾਲ ਤੋਂ ਵਧਾ ਕੇ 7 ਤੋਂ 8 ਸਾਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਤਕਨੀਕੀ ਖੇਤਰ ’ਚ ਅਗਨੀਵੀਰਾਂ ਦੇ ਦਾਖ਼ਲੇ ਲਈ ਉਮਰ ਦੀ ਹੱਦ ਵਧਾ ਕੇ 23 ਸਾਲ ਕਰਨ ਦਾ ਸੁਝਾਅ ਵੀ ਦਿਤਾ ਗਿਆ ਹੈ।

ਦਰਅਸਲ, ਹਾਲੀਆ ਲੋਕ ਸਭਾ ਚੋਣਾਂ ਤੋਂ ਬਾਅਦ ਐਨਡੀਏ ’ਚ ਭਾਈਵਾਲ ਪਾਰਟੀਆਂ ਜਨਤਾ ਦਲ (ਯੂਨਾਈਟਿਡ) ਅਤੇ ਐਲਜੇਪੀ (ਰਾਮ ਵਿਲਾਸ) ਨੇ ਅਗਨੀਪਥ ਯੋਜਨਾ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਇਨ੍ਹਾਂ ਪਾਰਟੀਆਂ ਨੇ ਹੀ ਸਰਕਾਰ ਨੂੰ ਇਸ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਸੀ। ਭਾਰਤੀ ਥਲ ਸੈਨਾ ਨੇ ਹੁਣ ਸਮੀਖਿਆ ਕਰ ਲਈ ਹੈ। ਸਮੀਖਿਆ ਤੋਂ ਬਾਅਦ ਕੀਤੀਆਂ ਗਈਆਂ ਸਿਫ਼ਾਰਸ਼ਾਂ ’ਚ ਕਿਹਾ ਗਿਆ ਹੈ ਕਿ ਅਗਨੀਵੀਰਾਂ ਦੀ ਭਰਤੀ ਨਾਲ ਫ਼ੌਜ ਦਾ ਕੰਮ ਸੁਚਾਰੂ ਤਰੀਕੇ ਨਾਲ ਚਲੇਗਾ ਤੇ ਜਵਾਨਾਂ ਦੀ ਕਾਰਜਕੁਸ਼ਲਤਾ ’ਚ ਵੀ ਜ਼ਰੂਰ ਵਾਧਾ ਹੋਵੇਗਾ।

ਸਰਕਾਰ ਨੇ ਅਗਨੀਪਥ ਯੋਜਨਾ ਦੀ ਸ਼ੁਰੂਆਤ ਫ਼ੌਜੀ ਜਵਾਨਾਂ ਨੂੰ ਪੈਨਸ਼ਨਾਂ ਦੇਣ ਤੋਂ ਬਚਣ ਅਤੇ ਵਧ ਤੋਂ ਵਧ ਨੌਜਵਾਨਾਂ ਨੂੰ ਭਰਤੀ ਕਰਨ ਲਈ ਕੀਤੀ ਸੀ। ਇਸ ਦੇ ਨਾਲ ਹੀ ਤਜਰਬੇ ਦਾ ਮਾਮਲਾ ਵੀ ਮਾਮੂਲੀ ਤਬਦੀਲੀ ਨਾਲ ਹੱਲ ਕੀਤਾ ਜਾ ਸਕਦਾ ਹੈ। ਪੁਰਾਣੀ ਭਰਤੀ ਯੋਜਨਾ ਅਧੀਨ ਜਵਾਨਾਂ ਨੂੰ ਆਮ ਤੌਰ ’ਤੇ 35 ਸਾਲ ਦੀ ਉਮਰ ’ਚ ਸੇਵਾ ਮੁਕਤ ਕਰ ਦਿਤਾ ਜਾਂਦਾ ਹੈ।

ਜਿਹੜੇ ਸੂਬੇਦਾਰ ਮੇਜਰ ਦੇ ਰੈਂਕ ਤਕ ਪੁੱਜ ਜਾਂਦੇ ਹਨ, ਉਨ੍ਹਾਂ ਦੀ ਰਿਟਾਇਰਮੈਂਟ 52 ਸਾਲ ਦੀ ਉਮਰ ’ਚ ਹੁੰਦੀ ਹੈ। ਉਨ੍ਹਾਂ ਨੂੰ ਹਰ ਤਰ੍ਹਾਂ ਦਾ ਤਜਰਬਾ ਹੁੰਦਾ ਹੈ ਤੇ ਉਹ ਹਰ ਤਰ੍ਹਾਂ ਦਾ ਫ਼ੌਜੀ ਅਭਿਆਸ ਕਰਨ ਦੇ ਸਮਰੱਥ ਹੁੰਦੇ ਹਨ। ਅਗਨੀਵੀਰਾਂ ਦੇ ਸੇਵਾ ਕਾਲ ’ਚ ਵਾਧਾ ਹੋਣ ਅਤੇ ਫ਼ੌਜ ’ਚ ਭਰਤੀ ਲਈ ਉਨ੍ਹਾਂ ਦੀ ਪ੍ਰਤੀਸ਼ਤਤਾ ਵਧਾਉਣ ਨਾਲ ਉਨ੍ਹਾਂ ਨੂੰ ਵਾਜਬ ਟ੍ਰੇਨਿੰਗ ਮਿਲੇਗੀ ਅਤੇ ਲੋੜੀਂਦਾ ਤਜਰਬਾ ਵੀ ਹਾਸਲ ਹੋਵੇਗਾ।

ਇਹ ਵੀ ਪੜ੍ਹੋ – ਇਟਲੀ ਵਿਚ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਦੀ ਮੌਤ, ਇੱਕ ਗੰਭੀਰ ਜ਼ਖ਼ਮੀ