ਜੂਨ 1984 ‘ਚ ਹੋਏ ਸਿੱਖ ਕਤਲੇਆਮ ਦੀ 40ਵੀਂ ਵਰ੍ਹੇ ਗੰਢ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਖ਼ਾਲਸਾ ਰਾਜ ਦੀ ਗੱਲ ਕੀਤੀ।
1. ਸਭ ਤੋਂ ਪਹਿਲਾਂ ਉਹਨਾਂ ਕਿਹਾ ਕਿ ਸਿੱਖ ਕੌਮ ਦੀ ਮਹਾਨ ਵਿਰਾਸਤ ਯਾਨੀ ਸਰਬੱਤ ਦੇ ਭਲੇ ਵਾਲੀ ਖ਼ਾਲਸਾਈ ਰਾਜ ਪ੍ਰਣਾਲੀ ਦੀ ਗੱਲ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੱਜ ਵੀ ਪੂਰੀ ਦੁਨੀਆਂ ਦੀਆਂ ਰਾਜ ਪ੍ਰਣਾਲੀਆਂ ਲਈ ਚਾਨਣ ਮੁਨਾਰਾ ਹੈ।
2. ਉਹਨਾਂ ਸਿੱਖ ਕੌਮ ਨਾਲ ਹੋਏ ਧੋਖਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਵਲ ਦੋ ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਜਿਸ ਕਰਕੇ ਉਸ ਸਮੇਂ ਹਿੰਦੁਸਤਾਨ ਦੇ ਸਿਆਨੀ ਆਗੂਆਂ ਵਲੋਂ ਵਾਰ-ਵਾਰ ਸਿੱਖਾਂ ਨੂੰ ਖ਼ੁਦਮੁਖਤਿਆਰ ਖਿੱਤਾ ਦੇਣ ਦੇ ਝੂਠੇ ਵਾਅਦੇ ਵੀ ਕੀਤੇ ਗਏ । ਫਿਰ ਜਦੋਂ 47 ਵਿੱਚ ਆਜ਼ਾਦੀ ਮਗਰੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਆਖਿਆ ਗਿਆ ਤਾਂ ਵੱਡੇ ਧੋਖੇ ਦਾ ਅਹਿਸਾਸ ਕਰਦਿਆਂ ਸਿੱਖਾਂ ਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਦਾ ਰਾਹ ਅਪਨਾਉਣਾ ਪਿਆ। ਅਖੀਰ ਸਿੱਖਾਂ ਨੂੰ ਕਸ਼ਟਮਈ ਹਾਲਾਤ ਦਾ ਸਾਹਮਣਾ ਕਰਦਿਆਂ 1966 ਵਿੱਚ ਜੋ ਪੰਜਾਬੀ ਸੂਬਾ ਮਿਲਿਆ ਉਸ ਵਿੱਚ ਵੀ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ, ਡੈਮ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਤੋਂ ਖੋਹ ਲਏ ਗਏ। ਜਿਸ ਦੇ ਵਿਰੋਧ ਦੇ ਵਿੱਚ 1982 ਵਿੱਚ ਧਰਮ ਯੁੱਧ ਮੋਰਚਾ ਲਾਉਣ ਨੂੰ ਮਜਬੂਰ ਹੋਣਾ ਪਿਆ। ਇਸ ਮੋਰਚੇ ਨੂੰ ਕੁਚਲਣ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਆਪ੍ਰੇਸ਼ਨ ਬਲੂ ਸਟਾਰ ਕਰਵਾਇਆ ਗਿਆ।
3. ਉਹਨਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਅਤੇ 84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦੇ ਸਰਕਾਰ ਦੇ ਅਨਿਆਂਪੂਰਨ ਰਵੱਈਏ ਵਿਰੁੱਧ ਸਿੱਖ ਰਾਜਨੀਤੀ ਨੂੰ ਪ੍ਰਫੁੱਲਤ ਕਰਨ ਵੱਲ ਅੱਗੇ ਵਧਣ ਦਾ ਸੰਦੇਸ਼ ਦਿੱਤਾ।
4. ਉਹਨਾਂ ਸਿੱਖ ਕੌਮ ਦੇ ਮੌਜੂਦਾ ਸੰਕਟਾਂ ਦਾ ਜ਼ਿਕਰ ਕਰਦਿਆਂ ਗਵਾਚ ਰਹੀਆਂ ਸੱਭਿਅਕ ਕਦਰਾਂ-ਕੀਮਤਾਂ, ਵਾਤਾਵਰਨ, ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ, ਅਧਰਮ ਤੇ ਪਾਖੰਡਵਾਦ, ਮਾਂ-ਬੋਲੀ ਤੋਂ ਬੇਮੁਖਤਾਈ, ਗਵਾਚੇ ਕਿਰਤ ਸੱਭਿਆਚਾਰ ਅਤੇ ਧਰਮ ਤੋਂ ਹੀਣੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਦਾ ਆਦੇਸ਼ ਦਿੰਦਿਆਂ ਕੌਮ ਨੂੰ ਪਤਿਤਪੁਣੇ ਅਤੇ ਨਸ਼ਿਆਂ ਵਿੱਚ ਡੋਬਣ ਦੀਆਂ ਹੋ ਰਹੀਆਂ ਸਾਜਿਸ਼ਾਂ ਨੂੰ ਅਸਫਲ ਕਰਨ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਜਥੇਦਾਰ ਗਿਆਨੀ ਰਘੂਬੀਰ ਸਿੰਘ ਨੇ ਜੂਨ 1984 ‘ਚ ਹੋਈ ਸਿੱਖ ਨਸਲਕੁਸ਼ੀ ਦਾ ਇਤਿਹਾਸ ਦੱਸਦਿਆਂ ਕਿਹਾ ਕਿ 1 ਜੂਨ ਤੋਂ 6 ਜੂਨ 1984 ਤੱਕ ਇੰਦਰਾ ਗਾਂਧੀ ਵਲੋਂ ਭੇਜੀ ਫੌਜ ਨੇ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ, ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਇਮਾਰਤ ਨੂੰ ਖੰਡਿਤ ਕੀਤਾ ਗਿਆ ਅਤੇ ਉੱਥੇ ਮੌਜੂਦ ਬੇਕਸੂਰ ਤੇ ਨਿਹੱਥੀ ਸੰਗਤ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਦੀਆਂ ਮਹਾਨ ਪਰੰਪਰਾਵਾਂ ਤੋਂ ਸੇਧ ਲੈਂਦਿਆਂ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਭਾਈ ਅਮਰੀਕ ਸਿੰਘ ਜੀ, ਬਾਬਾ ਠਾਹਰਾ ਸਿੰਘ, ਜਨਰਲ ਸੁਬੇਗ ਸਿੰਘ ਅਤੇ ਸੈਂਕੜੇ ਜੁਝਾਰੂ ਸਿੱਖ ਹਿੰਦੁਸਤਾਨੀ ਫ਼ੌਜ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ।
ਉਹਨਾਂ ਜਿੱਥੇ ਇਸ ਮੌਰਚੇ ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਉੱਥੇ ਹੀ ਇਸ ਫ਼ੌਜੀ ਹਮਲੇ ਮੌਕੇ ਬੈਰਕਾਂ ਛੱਡ ਕੇ ਆਏ ਧਰਮੀ ਫੌਜੀਆਂ ਦੇ ਤਿਆਗ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਜੇ ਉਹ ਅਜਿਹਾ ਨਾ ਕਦੇ ਤਾਂ ਇੰਦਰਾ ਗਾਂਧੀ ਨੇ ਆਪ੍ਰੇਸ਼ਨ ਬਲੂ ਸਟਾਰ ਦੇ ਨਾਲ-ਨਾਲ ਆਪ੍ਰੇਸ਼ਨ ਵੁੱਡ ਰੋਜ਼ ਚ ਵੀ ਕਾਮਯਾਬ ਹੋ ਜਾਣਾ ਸੀ, ਜੋ ਕਿ ਮਾਝੇ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਦੀ ਯੋਜਨਾ ਸੀ।