ਮਾਨਸਾ : ਅੱਜ ਪੰਜਾਬ ’ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਬੜੀ ਖ਼ੁਸ਼ੀ ਤੇ ਸ਼ਰਧਾ ਨਾਲ ਮਨਾਉਂਦੇ ਹਨ। ਇਹ ਤਿਉਹਾਰ ਖ਼ੁਸ਼ਹਾਲੀ, ਸੁੱਖ ਤੇ ਆਉਣ ਵਾਲੇ ਚੰਗੇ ਦਿਨ ਲੈਕ ਕੈ ਆਉਂਦਾ ਹੈ।
ਇਸੇ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੂਸੇਵਾਲਾ ਨੂੰ ਲੋਹੜੀ ਦੇ ਮੌਕੇ ਯਾਦ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਹੈ। ਪੋਸਟ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ , ‘ਜਦੋਂ ਤੂੰ ਗਿਆ ਸੀ, ਮੈਂ ਕੇਰਾ ਤਾਂ ਹਾਰ ਗਿਆ ਸੀ ਸ਼ੇਰਾ, ਤੈਨੂੰ ਚੁੱਪ ਚਾਪ ਪਿਆ ਦੇਖ ਮੇਰੀ ਦੁਨੀਆ ਉਜੜੀ ਸੀ ਤੇ ਮੈਂ ਜਮਾ ਗੋਡਿਆਂ ਭਾਰ ਬਹਿ ਗਿਆ ਸੀ, ਫੇਰ ਸਤਿਗੁਰ ਦੀ ਕਚਹਿਰੀ ’ਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਤੇ ਉਨ੍ਹਾਂ ਨੇੜੇ ਹੋ ਤੇਰੇ ਮੇਰੇ ਰਿਸ਼ਤੇ ਦੇ ਕਿੱਸੇ ਨੂੰ ਸੁਣਿਆ ਤੇ ਮੇਰੀ ਬੇਰੰਗ ਜ਼ਿੰਦਗੀ ’ਚ ਫਿਰ ਤੋਂ ਰੰਗ ਭਰਨ ਆਈ ਤੈਨੂੰ, ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਮੁੜ ਆਇਆ।
ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ ’ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਦਾ ਦੇਖਣਾ ਚਾਹੁੰਦਾ ਹਾਂ, ਜਵਾਨੀਆਂ ਮਾਣ ਪੁੱਤਰਾ, ਤੇਰੇ ਨਵੇਂ ਰੂਪ ਨੂੰ ਪਹਿਲੀ ਲੋਹੜੀ ਮੁਬਾਰਕ, ਮੇਰਾ ਬੱਬਰ ਸ਼ੇਰ।’’ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ’ਚ ਵੀ ਇਸ ਤਿਉਹਾਰ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੂਸੇਵਾਲਾ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ।
ਦਰਅਸਲ, ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸ਼ੁਭਦੀਪ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਘਰ ਰੌਣਕਾ ਲੱਗੀਆਂ ਹੋਈਆਂ ਹਨ।