ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਇੱਕ ਕੈਨੇਡਾ ਪ੍ਰਵਾਸੀ ਵੱਲੋਂ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਵਿਧਾਇਕ ਦੀ ਪਤਨੀ ਨੇ ਇਸ ਕੈਨੇਡਾ ਵਾਸੀ ਬਜ਼ੁਰਗ ਨਛੱਤਰ ਸਿੰਘ ਵਾਸੀ ਪਿੰਡ ਘੁਮਾਣ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਹੈ।
ਥਾਣਾ ਸੁਧਾਰ ਦੀ ਪੁਲੀਸ ਨੇ ਐੱਨਆਰਆਈ ਨਛੱਤਰ ਸਿੰਘ ਖ਼ਿਲਾਫ਼ ਨਵੇਂ ਭਾਰਤੀ ਨਿਆਂ ਕਾਨੂੰਨ ਦੀ ਧਾਰਾ 75 ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਕੱਦਮੇ ਦੀ ਜਾਂਚ ਥਾਣੇਦਾਰ ਕੁਲਦੀਪ ਸਿੰਘ ਨੂੰ ਸੌਂਪੀ ਗਈ ਹੈ। ਜਾਂਚ ਅਫ਼ਸਰ ਕੁਲਦੀਪ ਸਿੰਘ ਅਨੁਸਾਰ ਕੈਨੇਡਾ ਦੇ ਮਿਸੀਗਾਸਾ ਵਿੱਚ ਰਹਿਣ ਵਾਲੇ ਨਛੱਤਰ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਅਰੰਭ ਕੀਤੀ ਜਾ ਰਹੀ ਹੈ।
ਪਿੰਡ ਸਹੌਲੀ ਵਾਸੀ ਗੁਰਪ੍ਰੀਤ ਕੌਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਸੁਧਾਰ ਦੇ ਘੁਮਾਣ ਚੌਕ ਵਿੱਚ ਸਥਿਤ ਨਛੱਤਰ ਸਿੰਘ ਦੀ ਕੋਠੀ ਵਿੱਚ ਰਹਿ ਕੇ ਸਾਂਭ-ਸੰਭਾਲ ਕਰਦੀ ਹੈ। ਉਸ ਨੇ ਦਾਅਵਾ ਕੀਤਾ ਕਿ ਨਛੱਤਰ ਸਿੰਘ ਨੇ ਖ਼ੁਦ ਹੀ ਉਸ ਨੂੰ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਬਾਅਦ ਵਿੱਚ ਉਹ ਬੁਰੀ ਨਜ਼ਰ ਰੱਖਣ ਲੱਗ ਪਿਆ ਸੀ। ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਉਸ ਨੇ ਨਛੱਤਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੂੰ ਇਸ ਬਾਰੇ ਸਭ ਕੁਝ ਦੱਸ ਦਿੱਤਾ ਸੀ। ਗੁਰਪ੍ਰੀਤ ਕੌਰ ਅਨੁਸਾਰ 13 ਮਈ ਨੂੰ ਨਛੱਤਰ ਸਿੰਘ ਨੇ ਸ਼ਾਮ ਕਰੀਬ ਪੰਜ ਵਜੇ ਕੋਠੀ ਵਿੱਚ ਆ ਕੇ ਉਸ ’ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ ਸੀ।
ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਫੋਟੋ ਅਤੇ ਵੀਡੀਓ ਮੌਜੂਦ ਹਨ ਜੋ ਉਹ ਲੋੜ ਪੈਣ ’ਤੇ ਪੇਸ਼ ਕਰੇਗੀ। ਗੁਰਪ੍ਰੀਤ ਕੌਰ ਅਨੁਸਾਰ ਨਛੱਤਰ ਸਿੰਘ ਦਾ ਆਪਣੇ ਭਤੀਜੇ ਨਾਲ ਇਸ ਕੋਠੀ ਬਾਰੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਇਸ ਕੇਸ ਦੀ ਪੈਰਵੀ ਲਈ ਨਛੱਤਰ ਸਿੰਘ ਵੱਲੋਂ ਦਿੱਤਾ ਗਿਆ ਮੁਖ਼ਤਿਆਰਨਾਮਾ ਹੋਣ ਦਾ ਵੀ ਦਾਅਵਾ ਕੀਤਾ ਹੈ।
ਐੱਨਆਰਆਈ ਨੇ ਦੋਸ਼ ਨਕਾਰੇ
ਇਸ ਸਬੰਧੀ ਸੰਪਰਕ ਕਰਨ ’ਤੇ ਨਛੱਤਰ ਸਿੰਘ ਨੇ ਗੁਰਪ੍ਰੀਤ ਕੌਰ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਨਛੱਤਰ ਸਿੰਘ ਅਨੁਸਾਰ ਉਸ ਦਾ ਪੁੱਤਰ ਸੰਦੀਪ ਸਿੰਘ ਗੁਰਪ੍ਰੀਤ ਕੌਰ ਨੂੰ ਆਪਣੀ ਭੈਣ ਮੰਨਦਾ ਹੈ। ਉਸ ਨੇ ਇਸ ਨੂੰ ਰਾਜਨੀਤਕ ਤਾਕਤ ਨਾਲ ਆਪਣੀ ਕੋਠੀ ’ਤੇ ਕਬਜ਼ੇ ਦੀ ਖੇਡ ਦੱਸਿਆ ਹੈ। ਨਛੱਤਰ ਸਿੰਘ ਨੇ ਕਿਹਾ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਰਾਏਕੋਟ ਤੋਂ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਖ਼ੁਦ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪੰਜਾਬ ਵਾਪਸ ਆਉਣ ਤੋਂ ਰੋਕਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਨਛੱਤਰ ਸਿੰਘ ਨੇ ਪੁਲੀਸ ਦੇ ਉੱਚ-ਅਧਿਕਾਰੀਆਂ ਅਤੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।