ਚੰਡੀਗੜ੍ਹ : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ, ਇਸ ਲਈ ਘੱਟੋ-ਘੱਟ ਉਨ੍ਹਾਂ ਦਾ ਪੱਖ ਜਾਣ ਲੈਣਾ ਚਾਹੀਦਾ ਸੀ। ਉਹ ਪਾਰਟੀ ਤੋਂ ਮੁਆਫੀ ਨਹੀਂ ਮੰਗੇਗਾ। ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕੰਮ ਲੁਕ-ਛਿਪ ਕੇ ਨਹੀਂ ਕੀਤਾ, ਜੋ ਵੀ ਕੀਤਾ ਉਹ ਖੁੱਲ੍ਹਆਮ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅਬੋਹਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦੇਣਗੇ। ਅਤੇ ਉਹ ਹੁਣ ਵੀ ਆਪਣੇ ਸਟੈਂਡ ’ਤੇ ਕਾਇਮ ਹਨ। ਜਾਖੜ ਨੇ ਕਿਹਾ ਕਿ ਵਿਕਲਪ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਜੇਕਰ ਗਠਜੋੜ ਹੋ ਸਕਦਾ ਹੈ ਤਾਂ ਭਾਜਪਾ ’ਚ ਦੀ ਅੱਗੇ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਹੋਰ ਵੀ ਆਗੂ ਹਨ ਜਿਨ੍ਹਾਂ ਦੇ ਘਰ ’ਤੇ ਦੋਹਾਂ ਪਾਰਟੀਆਂ ਦੇ ਝੰਡੇ ਝੂਲ ਰਹੇ ਹਨ। ਜਾਖੜ ਨੇ ਕਿਹਾ ਕਿ ਜਦੋਂ ਤੋਂ ਉਹ ਵਿਧਾਇਕ ਹਨ ਉਹ ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਹਨ ਅਤੇ ਇਹ ਗੱਲ ਉਨ੍ਹਾਂ ਦੇ ਹਲਕੇ ਦੇ ਲੋਕ ਬਿਹਤਰ ਸਮਝਦੇ ਹਨ। ਉਨ੍ਹਾਂ ਪਾਰਟੀ ਵਿਰੋਧੀ ਕੋਈ ਵੀ ਕੰਮ ਨਹੀਂ ਕੀਤਾ ਹੈ। ਜੋ ਕਾਂਗਰਸ ਹਾਈ ਕਮਾਨ ਅੱਜ ਕਾਰਵਾਈ ਕਰ ਰਹੀ ਹੈ, ਉਸ 1 ਸਾਲ ਪਹਿਲਾਂ ਜਦੋਂ ਸੁਨੀਲ ਜਾਖੜ ਭਾਜਪਾ ’ਚ ਗਏ ਸਨ ਉਸ ਸਮੇਂ ਮੇਰੇ ਨਾਲ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਸੀ।
ਸੰਦੀਪ ਜਾਖੜ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਸਨ। ਇਸ ’ਤੇ ਹਾਈਕਮਾਂਡ ਵੱਲੋਂ ਉਸ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਦੱਸ ਦਈਏ ਕਿ ਜਾਰੀ ਕੀਤੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਵਿਧਾਇਕ ਜਾਖੜ ਦੁਆਰਾ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ’ਚ ਸ਼ਮੂਲੀਅਤ ਨਹੀਂ ਕੀਤੀ ਗਈ। ਖ਼ਾਸਤੌਰ ’ਤੇ ਭਾਰਤ ਜੋੜੋ ਯਾਤਰਾ ਦਾ ਵੇਰਵਾ ਦਿੱਤਾ ਗਿਆ ਹੈ। ਇਹ ਵੀ ਇਲਜਾਮ ਹਨ ਕਿ ਸੰਦੀਪ ਜਿਸ ਘਰ ’ਚ ਰਹਿੰਦੇ ਹਨ ਉਸ ਦੀ ਛੱਤ ’ਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਰਾਜਾ ਵੜਿੰਗ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਤਾਰਿਕ ਅਨਵਰ ਡਿਸਪਲਨਰੀ ਐਕਸ਼ਨ ਕਮੇਟੀ (ਅਨੁਸ਼ਾਸਨੀ ਕਮੇਟੀ) ਨੇ ਐਕਸ਼ਨ ਲਿਆ ਹੈ।