Punjab

ਭਰਾ ਬਿਕਰਮ ਮਜੀਠੀਆ ਨੂੰ ਨਾਭਾ ਜੇਲ੍ਹ ਮਿਲਣ ਪਹੁੰਚੀ ਹਰਸਿਮਰਤ ਬਾਦਲ, ਲੰਬੇ ਇੰਤਜ਼ਾਰ ਤੋਂ ਬਾਅਦ ਬੰਨ੍ਹੀ ਰੱਖੜੀ

ਬਿਊਰੋ ਰਿਪੋਰਟ: ਰੱਖੜੀ ਦੇ ਮੌਕੇ ’ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸ਼ਨੀਵਾਰ ਨੂੰ ਨਾਭਾ ਜੇਲ੍ਹ ਪਹੁੰਚੀ, ਜਿੱਥੇ ਉਨ੍ਹਾਂ ਦੇ ਭਰਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੈਦ ਕੀਤਾ ਹੋਇਆ ਹੈ। ਉਹ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਆਈ ਸੀ, ਪਰ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬਾਹਰ ਇੰਤਜ਼ਾਰ ਕਰਵਾਇਆ।

ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰੱਖੜੀ ਵਰਗੇ ਪਵਿੱਤਰ ਦਿਨ ’ਤੇ ਵੀ ਉਨ੍ਹਾਂ ਨੂੰ ਤੁਰੰਤ ਆਪਣੇ ਭਰਾ ਨੂੰ ਮਿਲਣ ਨਹੀਂ ਦਿੱਤਾ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ’ਤੇ ਉਨ੍ਹਾਂ ਨੂੰ ਜੇਲ੍ਹ ਦੇ ਗੇਟ ’ਤੇ ਰੋਕਿਆ ਗਿਆ, ਜੋ ਕਿ ਬਹੁਤ ਸ਼ਰਮਨਾਕ ਹੈ।

ਚਾਰ ਦਿਨਾਂ ਤੋਂ ਰੱਖੜੀ ਬੰਨ੍ਹਣ ਲਈ ਸਮਾਂ ਮੰਗ ਰਹੀ ਸੀ ਬੀਬੀ ਬਾਦਲ

ਹਰਸਿਮਰਤ ਕੌਰ ਨੇ ਕਿਹਾ ਕਿ ਉਹ ਪਿਛਲੇ ਮਹੀਨੇ ਤੋਂ ਆਪਣੇ ਭਰਾ ਨੂੰ ਮਿਲਣ ਦੀ ਇਜਾਜ਼ਤ ਮੰਗ ਰਹੀ ਸੀ ਅਤੇ ਪਿਛਲੇ ਚਾਰ ਦਿਨਾਂ ਤੋਂ ਉਹ ਖਾਸ ਕਰਕੇ ਰੱਖੜੀ ਵਾਲੇ ਦਿਨ ਮਿਲਣ ਦੀ ਬੇਨਤੀ ਕਰ ਰਹੀ ਸੀ। ਪਰ ਪੰਜਾਬ ਸਰਕਾਰ ਇਜਾਜ਼ਤ ਦੇਣ ਵਿੱਚ ਦੇਰੀ ਕਰਦੀ ਰਹੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਭਰਾ ਵਿਰੁੱਧ ਦਰਜ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਪੂਰੀ ਤਰ੍ਹਾਂ ਝੂਠਾ ਹੈ ਅਤੇ ਰਾਜਨੀਤਿਕ ਬਦਲਾ ਲੈਣ ਤੋਂ ਪ੍ਰੇਰਿਤ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚਾਰ ਦਿਨਾਂ ਤੋਂ ਮੈਂ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਸਮਾਂ ਮੰਗ ਰਹੀ ਸੀ। ਪਰ ਮੈਨੂੰ ਸਮਾਂ ਨਹੀਂ ਦਿੱਤਾ ਗਿਆ। ਮੇਰੀਆਂ ਗੱਡੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਸਮੇਂ ਮੈਂ ਦਿੱਲੀ ਤੋਂ ਸਿੱਧੀ ਨਾਭਾ ਜੇਲ੍ਹ ਆਈ ਹਾਂ। ਮੈਂ ਸਾਰੀਆਂ ਭੈਣਾਂ ਨਾਲ ਗਈ ਅਤੇ ਆਮ ਲੋਕਾਂ ਵਾਂਗ ਰੱਖੜੀ ਬੰਨ੍ਹੀ।