Punjab Religion

ਬਾਬਾ ਬਕਾਲਾ ’ਚ ਲੈਂਡ ਪੂਲਿੰਗ ਨੀਤੀ ’ਤੇ ਘਿਰੀ ਸਰਕਾਰ, ਕਾਂਗਰਸ-ਅਕਾਲੀ ਦਲ ਨੇ ਕੀਤਾ ਸ਼ਕਤੀ ਪ੍ਰਦਰਸ਼ਨ, ਮੁੱਖ ਮੰਤਰੀ ਗੈਰ ਹਾਜ਼ਿਰ

ਬਿਊਰੋ ਰਿਪੋਰਟ: ਅੱਜ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ’ਤੇ ਬਾਬਾ ਬਕਾਲਾ ਵਿਖੇ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਆਪਣੇ ਮੰਚ ਲਾਏ। ਵਿਰੋਧੀ ਧਿਰ ਨੇ ਸਰਕਾਰ ਦੀ ਵਿਵਾਦਤ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਰਕਾਰ ’ਤੇ ਤਿੱਖਾ ਨਿਸ਼ਾਨੇ ਸਾਧੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਨਾਲ ਪ੍ਰੋਗਰਾਮ ਵਿੱਚ ਪਹੁੰਚਣਾ ਸੀ ਅਤੇ ਜਨਤਾ ਨੂੰ ਸੰਬੋਧਨ ਕਰਨਾ ਸੀ, ਪਰ ਆਖਰੀ ਸਮੇਂ ਪ੍ਰੋਗਰਾਮ ਬਦਲ ਦਿੱਤਾ ਗਿਆ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਨ੍ਹਾਂ ਦੀ ਜਗ੍ਹਾ ਸੰਗਤ ਨੂੰ ਸੰਬੋਧਨ ਕੀਤਾ।

ਵਿਰੋਧੀ ਪਾਰਟੀਆਂ ਨੇ ਇਸ ਮੌਕੇ ਨੂੰ ਸ਼ਕਤੀ ਪ੍ਰਦਰਸ਼ਨ ਵਜੋਂ ਲਿਆ ਅਤੇ ਆਮ ਆਦਮੀ ਪਾਰਟੀ ਨੂੰ ਉਸਦੀਆਂ ਨੀਤੀਆਂ ਲਈ ਘੇਰਿਆ, ਜੋ 2027 ਦੀਆਂ ਚੋਣਾਂ ਵਿੱਚ ਏਕਤਾ ਦਾ ਸੰਕੇਤ ਦਿੰਦੀਆਂ ਹਨ। ਇਹ ਸਿਆਸੀ ਗਤੀਵਿਧੀਆਂ ਇਸ ਲਈ ਵੀ ਮਹੱਤਵਪੂਰਨ ਸਨ ਕਿਉਂਕਿ ਇਹ ਤਰਨਤਾਰਨ ਉਪ ਚੋਣ ਤੋਂ ਪਹਿਲਾਂ ਹੋ ਰਹੀਆਂ ਹਨ, ਜੋ ਕਿ ਬਾਬਾ ਬਕਾਲਾ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਹਾਲਾਂਕਿ, ਉਪ ਚੋਣ ਦੀ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਕਾਂਗਰਸ ਨੇ ਦਿੱਤਾ ਏਕਤਾ ਦਾ ਹੋਕਾ

ਕਾਂਗਰਸ ਰੈਲੀ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਟੇਜ ’ਤੇ ਇਕੱਠੇ ਦਿਖਾਈ ਦਿੱਤੇ। ਦੋਵਾਂ ਆਗੂਆਂ ਨੇ ਕਾਨੂੰਨ ਵਿਵਸਥਾ ਅਤੇ ਵਿਵਾਦਪੂਰਨ ਲੈਂਡ ਪੂਲਿੰਗ ਨੀਤੀ ’ਤੇ ਸਰਕਾਰ ਨੂੰ ਘੇਰਿਆ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਹੁਣ ਤੋਂ 2027 ਦੀਆਂ ਚੋਣਾਂ ਲਈ ਇੱਕਜੁੱਟ ਰਹਿਣਾ ਪਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜਿਵੇਂ ਹੀ 21 ਅਗਸਤ ਨੂੰ ਸੰਸਦ ਸੈਸ਼ਨ ਖਤਮ ਹੋਵੇਗਾ, ਪਾਰਟੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲੈਂਡ ਪੂਲਿੰਗ ਵਿਰੁੱਧ ਜਾਗਰੂਕ ਕਰੇਗੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਲੈਂਡ ਪੂਲਿੰਗ ਰਾਹੀਂ ਪੰਜਾਬ ਨੂੰ ਲੁੱਟਣ ਦੀ ਤਿਆਰੀ ਕਰ ਰਹੀ ਹੈ।

ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਮੰਨਿਆ ਕਿ 2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਕੁਝ ਗ਼ਲਤੀਆਂ ਕੀਤੀਆਂ ਗਈਆਂ ਸਨ, ਜਿਸ ਕਾਰਨ ਸੱਤਾ ਆਮ ਆਦਮੀ ਪਾਰਟੀ ਕੋਲ ਚਲੀ ਗਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੈ, ਕਿਸਾਨ ਪਰੇਸ਼ਾਨ ਹਨ ਅਤੇ ਵਪਾਰੀ ਅਸੰਤੁਸ਼ਟ ਹਨ। ਉਨ੍ਹਾਂ ਸਾਰੇ ਕਾਂਗਰਸੀ ਆਗੂਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।