ਚੰਡੀਗੜ੍ਹ : ਬੇਸ਼ੱਕ ਪੰਜਾਬ ਵਿੱਚ ਅਸਮਾਨ ਸਾਫ਼ ਹੋ ਗਿਆ ਹੈ ਪਰ 14 ਨਵੰਬਰ ਤੋਂ ਮੁੜ ਬਦਲ ਛਾ ਸਕਦੇ ਹਨ ਅਤੇ ਕੁੱਝ ਖੇਤਰਾਂ ਵਿੱਚ ਬਾਰਸ਼ ਹੋ ਸਕਦੀ ਹੈ। ਚੰਡੀਗੜ੍ਹ ਦੇ ਮੌਸਮ(Department of Meteorology) ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਦੇ ਪਹਾੜੀ ਇਲਾਕਿਆਂ ਵਿੱਚ ਜਿਵੇਂ ਪਠਾਨਕੋਟ, ਰੋਪੜ ਅਤੇ ਹੁਸ਼ਿਆਰਪੁਰ ਵਿਖੇ ਹਲਕੀ ਬਾਰਸ਼ ਹੋ ਸਕਦੀ ਹੈ। ਪਰ ਪੰਜਾਬ ਦੇ ਬਾਕੀ ਇਲਾਕੇ ਸਾਫ਼ ਰਹਿਣਗੇ।
ਉਨ੍ਹਾਂ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਹੀ ਪਿਛਲੇ ਦਿਨੀਂ ਪੰਜਾਬ ਵਿੱਚ ਬੱਦਲਵਾਈ ਹੋਈ ਸੀ ਅਤੇ ਪਠਾਨਕੋਟ ਸਾਈਡ ਬਾਰਸ਼ ਰਿਕਾਰਡ ਕੀਤੀ ਗਈ। ਹੁਣ 13 ਨਵੰਬਰ ਤੱਕ ਮੌਸਮ ਸਾਫ਼ ਹੀ ਰਹੇਗਾ ਅਤੇ 14 ਨੂੰ ਪੰਜਾਬ ਵਿੱਚ ਮੁੜ ਤੋਂ ਬੱਦਲਵਾਈ ਹੋ ਸਕਦੀ ਹੈ ਪਰ ਬਾਰਸ਼ ਪਹਾੜੀ ਖੇਤਰ ਨਾਲ ਲੱਗਦੇ ਇਲਾਕਿਆਂ ਵਿੱਚ ਹੀ ਹੋ ਸਕਦੀ ਹੈ।
ਅਗਲੇ ਦਿਨਾਂ ਵਿੱਚ ਠੰਢ ਹੋਰ ਵਧੇਗੀ
ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਸੀਜ਼ਨ ਗਰਮੀ ਸਰਦੀ ਵੱਲ ਵਧ ਰਿਹਾ ਹੈ ਅਤੇ ਅਗਲੇ ਚਾਰ ਪੰਜ ਦਿਨਾਂ ਵਿੱਚ ਇੱਕ ਦੋ ਡਿਗਰੀ ਤਾਪਮਾਨ ਡਿਗਦਾ ਰਹੇਗਾ। ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ ਦਾ ਮੈਦਾਨੀ ਇਲਾਕਿਆਂ ਵਿੱਚ ਅਸਰ ਪੈਂਦਾ ਹੈ।
ਇਸ ਵਜ੍ਹਾ ਨਾਲ ਪੰਜਾਬ ਦਾ ਵਾਤਾਵਰਨ ਤੋਂ ਪ੍ਰਦੂਸ਼ਨ ਤੋਂ ਹੋਇਆ ਸਾਫ਼
ਮੌਸਮ ਦੇ ਡਾਇਰੈਕਟਰ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਪੰਜਾਬ ਵਿੱਚ ਕਿਤੇ ਬਾਰਸ਼ ਹੋਣ ਪਿਛਲੇ ਦਿਨਾਂ ਤੋਂ ਛਾਏ ਪ੍ਰਦੂਸ਼ਨ ਘਟਿਆ ਹੈ। ਇਸ ਦੇ ਨਾਲ ਹੀ ਨਾਰਥ ਵੈਸਟ ਹਵਾਵਾਂ ਪ੍ਰਦੂਸ਼ਨ ਨੂੰ ਆਪਣੇ ਨਾਲ ਵਹਾ ਕੇ ਲੈ ਗਈਆਂ। ਜਿਸ ਕਾਰਨ ਆਸਮਾਨ ਸਾਫ਼ ਹੋ ਗਿਆ ਅਤੇ ਹਵਾ ਸਾਫ਼ ਹੋ ਗਈ। ਅਗਲੇ ਦਿਨਾਂ ਵਿੱਚ ਮੌਸਮ ਹੋਰ ਸਾਫ ਹੋਵੇਗਾ।
ਕਦੋਂ ਛਾਏਗੀ ਪੰਜਾਬ ਵਿੱਚ ਧੁੰਦ
ਮੌਸਮ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਹਵਾ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਧੁੰਦ ਵੱਧ ਜਾਂਦੀ ਹੈ। ਜਿੱਥੇ ਪਾਣੀ ਦੇ ਸਰੋਤ ਜ਼ਿਆਦਾ ਹਨ ਜਾਂ ਸਤਲੁਜ ਦਰਿਆ ਦੇ ਨੇੜੇ ਰਾਤ ਨੂੰ ਨਮੀ ਦੀ ਮਾਤਰ ਵੱਧ ਹੋਣ ਕਾਰਨ ਨੇੜੇ ਇਲਾਕਿਆਂ ਵਿੱਚ ਸਵੇਰੇ ਧੁੰਦ ਪੈ ਸਕਦੀ ਹੈ। ਪਰ ਹਾਲੇ ਜ਼ਿਆਦਾ ਧੁੰਦ ਦੇ ਆਸਾਰ ਨਹੀਂ ਹਨ, ਜਿਸ ਦੀ ਵਜ੍ਹਾ ਹਾਲੇ ਤਾਪਮਾਨ ਉੱਚ ਪੱਧਰ ਉੱਤੇ ਹੀ ਹੈ। ਜਦੋਂ ਤਾਪਮਾਨ ਦਸ ਡਿਗਰੀ ਤੋਂ ਥੱਲੇ ਆ ਜਾਵੇਗਾ ਅਤੇ ਨਮੀ ਦੀ ਮਾਤਰ 70 ਫ਼ੀਸਦੀ ਤੋਂ ਜ਼ਿਆਦਾ ਹੋਵੇ ਤਾਂ ਧੁੰਦ ਪੈਣ ਲੱਗਦੀ ਹੈ।
ਚੰਡੀਗੜ੍ਹ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ
ਦੱਸ ਦੇਈਏ ਕਿ ਪਿਛਲੇ ਦਿਨੀਂ ਪ੍ਰਦੂਸ਼ਨ ਕਾਰਨ ਚੰਡੀਗੜ੍ਹ ਦਾ ਵਾਤਾਵਰਨ ਦਿੱਲੀ ਤੋਂ ਵੀ ਖਰਾਬ ਹੋ ਗਿਆ ਸੀ ਪਰ ਹੁਣ ਤੇਜ ਹਵਾਵਾਂ ਚੱਲਣ ਕਾਰਨ ਇਸ ਵਿੱਚ ਇੱਕ ਦਮ ਹੀ ਸੁਧਾਰ ਹੋਇਆ ਹੈ। ਜੇਕਰ ਇਹ ਹਵਾਵਾਂ ਇਸੇ ਤਰ੍ਹਾਂ ਚਲਦੀਆਂ ਰਹੀਆਂ ਤਾਂ ਅਗਲੇ 24 ਘੰਟਿਆਂ ਵਿੱਚ ਹੋਰ ਸੁਧਾਰ ਹੋਵੇਗਾ। ਸ਼ੁੱਕਰਵਾਰ ਦੇਰ ਸ਼ਾਮ ਸ਼ਹਿਰ ਦਾ ਐਕਯੂਆਈ 174 ਪੁਆਇੰਟ ਨੋਟ ਕੀਤਾ ਗਿਆ, ਜਦੋਂ ਕਿ ਵੀਰਵਾਰ ਨੂੰ ਇਹ 320 ਪੁਆਇੰਟ ਤੱਕ ਪਹੁੰਚ ਗਿਆ ਸੀ। ਸਰਦੀਆਂ ਵਿੱਚ ਚੰਡੀਗੜ੍ਹ ਵਿੱਚ ਏਅਰ ਪ੍ਰਦੂਸ਼ਨ ਵੱਧ ਜਾਂਦਾ ਹੈ। ਪਿਛਲੇ ਦਿਨੀਂ ਤਾਂ ਐਕਯੂਆਈ 400 ਪੁਆਇੰਟ ਦੇ ਨੇੜੇ ਪਹੁੰਚ ਗਿਆ ਸੀ। ਪਰ ਹੁਣ ਵੀਰਵਾਰ ਤੋਂ ਲਗਾਤਾਰ ਸੁਧਾਰ ਹੁੰਦਾ ਜਾ ਰਿਹਾ ਹੈ।