ਮਾਨਸਾ : ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਮਰਹੂਮ ਪੁੱਤਰ ਦੀ ਪਹਿਲੀ ਬਰਸੀ ਮੌਕੇ ਸਾਰਿਆਂ ਲਈ ਇੱਕ ਭਾਵੁਕ ਸੰਦੇਸ਼ ਜਾਰੀ ਕੀਤਾ ਹੈ। ਸਿੱਧੂ ਦੇ ਚਾਹੁਣ ਵਾਲਿਆਂ ਨੂੰ ਅਪੀਲ ਕਰਦੇ ਹੋਏ ਉਹਨਾਂ ਕਿਹਾ ਹੈ ਕਿ 19 ਮਾਰਚ ਨੂੰ ਮਨਾਈ ਜਾਣ ਵਾਲੀ ਬਰਸੀ ਮੌਕੇ ਇਨਸਾਫ਼ ਲੈਣ ਲਈ ਅਗੇ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਣੀ ਹੈ ,ਸੋ ਵੱਧ ਤੋਂ ਵੱਧ ਸੰਗਤ ਮਾਨਸਾ ਦੀ ਦਾਣਾ ਮੰਡੀ ਪਹੁੰਚੇ,ਜਿਥੇ ਇਹ ਸਮਾਗਮ ਹੋਣਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਹ ਇੱਕ ਸਾਦਗੀ ਭਰਿਆ ਧਾਰਮਿਕ ਸਮਾਗਮ ਹੋਵੇਗਾ।
ਇਸ ਮੌਕੇ ਸਿੱਧੂ ਦੇ ਮਾਤਾ ਚਰਨ ਕੌਰ ਨੇ ਵੀ ਇੱਕ ਪੋਸਟ ਰਾਹੀਂ ਆਪਣੇ ਦਿਲ ਦਾ ਦਰਦ ਸਾਰਿਆਂ ਨਾਲ ਸਾਂਝਾ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਪਾਈ ਪੋਸਟ ਵਿੱਚ ਉਹਨਾਂ ਆਪਣੇ ਮੋਏ ਪੁੱਤਰ ਨੂੰ ਸੰਬੋਧਨ ਕਰਦੇ ਹੋਏ ਲਿੱਖਿਆ ਹੈ ਕਿ ਕਿਥੇ ਇਸ ਵੇਲੇ ਉਹਨਾਂ ਆਪਣੇ ਪੁੱਤ ਦੇ ਵਿਆਹ ਦੇ ਮੌਕੇ ਖੁਸ਼ੀ ਵਿੱਚ ਸਹਿਜ ਪਾਠ ਸਾਹਿਬ ਕਰਵਾਉਣੇ ਸੀ ਪਰ ਅੱਜ ਹਾਲਾਤ ਇਹ ਹਨ ਕਿ ਉਸ ਦੀ ਵਿਦਾਈ ਕਰਨਾ ਪੈ ਰਹੀ ਹੈ। ਮਾਤਾ ਚਰਨ ਕੌਰ ਨੇ ਇਹ ਵੀ ਲਿੱਖਿਆ ਹੈ ਕਿ ਉਹਨਾਂ ਦੇ ਪੁੱਤਰ ਨੇ ਭਾਵੇਂ ਕੋਈ ਕਮੀ ਉਹਨਾਂ ਲਈ ਨਹੀਂ ਛੱਡੀ ਹੈ ਪਰ ਉਸ ਦੀ ਘਾਟ ਹਰ ਵੇਲੇ ਰੱੜਕਦੀ ਰਹਿੰਦੀ ਹੈ।
ਪਿਛਲੇ ਸਾਲ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਹੋਣ ਮਗਰੋਂ ਉਸ ਦੇ ਮਾਂ-ਬਾਪ ਲਗਾਤਾਰ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੇ ਹਨ। ਇਸ ਸਾਲ ਉਸ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਏ ਜਾਣ ਦਾ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਸੀ।