ਦੀਵਾਲੀ ‘ਤੇ ਹਰ ਚੀਜ਼ ਰੌਸ਼ਨੀ ਨਾਲ ਚਮਕਦੀ ਨਜ਼ਰ ਆਉਂਦੀ ਹੈ। ਲੋਕ ਘਰ ਦੀ ਸਫ਼ਾਈ, ਪੇਂਟਿੰਗ ਅਤੇ ਸਜਾਵਟ ਦੀਆਂ ਤਿਆਰੀਆਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਬਾਜ਼ਾਰ ‘ਚ ਲਾਈਟਾਂ ਤੋਂ ਲੈ ਕੇ ਸ਼ੋਅ ਪੀਸ ਤੱਕ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਕੀਮਤ ਵੀ ਕਾਫੀ ਜ਼ਿਆਦਾ ਵੱਧ ਜਾਂਦੀ ਹੈ।
ਦਿਵਾਲੀ ਵਾਲੇ ਦਿਨ ਲੋਕ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਪਰ ਉਨ੍ਹਾਂ ਦੀ ਇਸ ਪਲ ਭਰ ਦੀ ਖੁਸ਼ੀ ਨਾਲ ਵਾਤਾਵਰਣ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਦੀਵਾਲੀ ਮੌਕੇ ਸਿਰਫ਼ 2 ਘੰਟੇ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਪ੍ਰਸ਼ਾਸਨ ਨੇ ਇਸ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਹਨ । ਜਿਸ ਮੁਤਾਬਕ ਗੁਰਪੁਰਬ ਦੌਰਾਨ ਸਵੇਰ 4 ਵਜੇ ਅਤੇ ਸ਼ਾਮ 5 ਵਜੇ ਪਟਾਕੇ ਚਲਾਉਣ ਦੀ ਛੋਟ ਹੈ।
ਦੀਵਾਲੀ ‘ਤੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ । ਸਾਇਲੈਂਟ ਜ਼ੋਨ ਦੇ ਲਈ ਨਿਰਦੇਸ਼ ਹਨ ਕਿ 100 ਮੀਟਰ ਦੂਰ ਪਟਾਕੇ ਚਲਾਏ ਜਾ ਸਕਦੇ ਹਨ । ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਉੱਧਰ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੱਲ੍ਹ ਬੰਦੀ ਛੋੜ ਦਿਵਸ ਮਨਾਇਆ ਜਾਵੇਗਾ। ਕੱਲ੍ਹ ਸ਼ਾਮ 5 ਵਜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡਿਉਢੀ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸੰਗਤ ਨੂੰ ਨਿਰਦੇਸ਼ ਦੇਣਗੇ। ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਤ ਦੇ 1 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। ਕੱਲ੍ਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਅਲੌਕਿਕ ਆਤਿਸ਼ਬਾਜ਼ੀ ਕੀਤੀ ਜਾਵੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਦੀਵਾਲੀ ਮੌਕੇ ਤੁਹਾਡੀ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ…ਅੱਜ ਪੁਲਿਸ ਵਿਭਾਗ ‘ਚ 1450 ਨਵੀਆਂ ਅਸਾਮੀਆਂ ਕੱਢ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ…ਜਿਸਦੇ ਵੇਰਵੇ ਜਲਦ ਸਾਂਝੇ ਕਰਾਂਗੇ…ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸੱਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ।